ਮਜ਼ਦੂਰਾਂ ਦੀ ਤਨਖ਼ਾਹ ’ਚ 15 ਫ਼ੀਸਦੀ ਵਾਧੇ ਦਾ ਸਵਾਗਤ
ਮਜ਼ਦੂਰਾਂ ਦੀ ਤਨਖ਼ਾਹ ’ਚ 15 ਫ਼ੀਸਦੀ ਵਾਧਾ ਇਤਿਹਾਸਕ ਫ਼ੈਸਲਾ : ‘ਆਪ’ ਆਗੂ
Publish Date: Sun, 03 May 2026 03:38 PM (IST)
Updated Date: Mon, 04 May 2026 04:02 AM (IST)

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਖ਼ਜ਼ਾਨਚੀ ਡਾ. ਲਛਮਣ ਸ਼ਰਮਾ ਭਗਤੂਆਣਾ, ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਜੈਤੋ ਦੇ ਸੰਗਠਨ ਇੰਚਾਰਜ, ਦਿ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਚੇਅਰਮੈਨ, ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਤੇ ਬਲਾਕ ਸੰਮਤੀ ਜੈਤੋ ਦੇ ਵਾਈਸ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਆਮ ਆਦਮੀ ਪਾਰਟੀ ਬਲਾਕ ਜੈਤੋ ਦੇ ਪ੍ਰਧਾਨ, ਆਲ ਪੰਜਾਬ ਟਰੱਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਤੇ ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਡੋਡ ਦੇ ਸਰਪੰਚ ਕੁਲਦੀਪ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਮੂਲ ਤਨਖ਼ਾਹ ਵਿਚ 15 ਫ਼ੀਸਦੀ ਵਾਧਾ ਕਰਨ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕਰਦੇ ਹੋਏ ਇਸਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਦੇ ਮੌਕੇ ਲਿਆ ਗਿਆ ਇਹ ਫ਼ੈਸਲਾ ਮਜ਼ਦੂਰ ਵਰਗ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 13 ਸਾਲਾਂ ਬਾਅਦ ਮਜ਼ਦੂਰਾਂ ਦੀ ਬੇਸਿਕ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੱਖਾਂ ਮਜ਼ਦੂਰਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਦੇ ਮੁਤਾਬਿਕ ਇਹ ਫ਼ੈਸਲਾ ਨਾ ਸਿਰਫ਼ ਮਜ਼ਦੂਰਾਂ ਦੀ ਆਰਥਿਕ ਹਾਲਤ ਮਜ਼ਬੂਤ ਕਰੇਗਾ, ਸਗੋਂ ਉਹਨਾਂ ਦੀ ਜੀਵਨ ਸ਼ੈਲੀ ਵਿਚ ਵੀ ਸੁਧਾਰ ਲਿਆਵੇਗਾ। ‘ਆਪ’ ਆਗੂਆਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੇਬਰ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਮਜ਼ਦੂਰ ਵਰਗ ਦੀ ਭਲਾਈ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ ਤਨਖਾਹ ਵਾਧਾ ਨਹੀਂ, ਸਗੋਂ ਮਜ਼ਦੂਰਾਂ ਦੀ ਮਿਹਨਤ ਅਤੇ ਹੱਕਾਂ ਦੀ ਕਦਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਵਰਗ ਸੂਬੇ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਤਰ੍ਹਾਂ ਦੇ ਫ਼ੈਸਲੇ ਮਜ਼ਦੂਰਾਂ ਵਿਚ ਨਵਾਂ ਵਿਸ਼ਵਾਸ ਪੈਦਾ ਕਰਦੇ ਹਨ।