ਅਮਨਦੀਪ ਐਵੇਨਿਊ ਸੁਸਾਇਟੀ ਵਿਚ 11000 ਵੋਲਟੇਜ਼ ਦਾ ਖੰਭਾ ਟੁੱਟਿਆ
ਮੋਗਾ ਜ਼ੀਰਾ ਰੋਡ ਟੀਚਰ ਕਲੋਨੀ
Publish Date: Tue, 12 May 2026 03:26 PM (IST)
Updated Date: Wed, 13 May 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ੀਰਾ ਰੋਡ ਟੀਚਰ ਕਲੋਨੀ ਅਮਨਦੀਪ ਐਵੇਨਿਊ ਸੁਸਾਇਟੀ ਵਿਚ ਇਕ ਝੁਕਿਆ ਹੋਇਆ 11,000 ਵੋਲਟ ਦਾ ਬਿਜਲੀ ਦਾ ਖੰਭਾਂ ਰਾਹਗੀਰਾਂ ਅਤੇ ਸਥਾਨਕ ਪਰਿਵਾਰਾਂ ਦੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਖੰਭਾ ਵਧੇਰੇ ਵੋਲਟੇਜ ਹੈ ਜੇਕਰ ਕੋਈ ਦੁਰਘਟਨਾ ਹੁੰਦੀ ਹੈ ਤਾਂ ਤੁਰੰਤ ਮੌਤ ਹੋਣ ਦਾ ਡਰ ਹੈ।
ਇਸ ਮੌਕੇ ਸੁਸਾਇਟੀ ਦੇ ਵਸਨੀਕਾਂ ਨੇ ਦੱਸਿਆ ਕਿ ਬਿਜਲੀ ਬੋਰਡ ਕੋਲ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਹਾਲਾਂਕਿ ਕੋਈ ਵੀ ਪੀਐੱਸਪੀਸੀਐੱਲ ਕਰਮਚਾਰੀ ਸਾਈਟ ’ਤੇ ਨਹੀਂ ਗਿਆ ਹੈ ਅਤੇ ਨਾ ਹੀ ਕੋਈ ਤੁਰੰਤ ਕਾਰਵਾਈ ਕਰ ਰਿਹਾ ਹੈ। ਇਸ ਮੌਕੇ ਨਾਇਬ ਸਿੰਘ ਗਿੱਲ ਨੇ ਜ਼ਿਕਰ ਕੀਤਾ ਕਿ ਟੀਚਰ ਕਾਲੋਨੀ ਦੇ ਵਸਨੀਕਾਂ ਦੇ ਅਨੁਸਾਰ ਇਹ ਮਾਮਲਾ ਕੌਂਸਲਰ ਕੁਲਵੰਤ ਚੱਕੀਵਾਲਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਪਰੰਤੂ ਉਨ੍ਹਾਂ ਵੱਲੋਂ ਵੀ ਕੋਈ ਜਵਾਬ ਜਾਂ ਕਾਰਵਾਈ ਨਹੀਂ ਕੀਤੀ ਗਈ ਹੈ।
ਇਸ ਮੌਕੇ ਜਤਿੰਦਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਅਸੀਂ ਹਰ ਗਲੀ ਅਤੇ ਆਂਢ-ਗੁਆਂਢ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ। ਅਸੀਂ ਕੌਂਸਲਰ ਤੋਂ ਲੈ ਕੇ ਐਕਸੀਅਨ ਤੱਕ ਸਾਰਿਆਂ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਦੱਸਿਆ ਹੈ ਪਰੰਤੂ ਬਿਜਲੀ ਵਿਭਾਗ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਜੇਕਰ ਕੱਲ੍ਹ ਕੋਈ ਬੱਚਾ ਜਾਂ ਬਜ਼ੁਰਗ ਇਸ ਖ਼ਤਰੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਜ਼ਿੰਮੇਵਾਰੀ ਕੌਣ ਲਵੇਗਾ?। ਉਨ੍ਹਾਂ ਦੱਸਿਆ ਕਿ ਟੀਚਰ ਕਲੋਨੀ ਅਤੇ ਅਮਨਦੀਪ ਐਵੇਨਿਊ ਸੁਸਾਇਟੀ ਵਿਚ ਰਹਿਣ ਵਾਲੇ 50 ਤੋਂ ਵੱਧ ਪਰਿਵਾਰ ਇਸ ਖ਼ਤਰੇ ਹੇਠ ਰਹਿ ਰਹੇ ਹਨ। ਬੀਤੇ ਕੱਲ੍ਹ ਤੇਜ਼ ਹਨੇਰੀ ਤੇ ਮੀਂਹ ਕਾਰਨ ਇਸ ਖੰਭੇ ਦੀ ਹਾਲਤ ਬਹੁਤ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਲਾਪਰਵਾਹੀ ਨੂੰ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਸਮਾਜ ਸੇਵੀ ਦੇਵਪ੍ਰਿਯਾ ਤਿਆਗੀ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਪੀਐੱਸਪੀਸੀਐੱਲ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਕੌਂਸਲਰ ਕੁਲਵੰਤ ਚੱਕੀਵਾਲਾ ਨੂੰ ਵੀ ਦੱਸਿਆ ਗਿਆ ਹੈ ਪਰੰਤੂ ਹੁਣ ਤੱਕ ਕਿਸੇ ਦੇ ਵੀ ਕੰਨ ’ਤੇ ਜੂੰ ਨਹੀਂ ਸਰਕੀ। ਜਦ ਕਿ ਬਿਜਲੀ ਵਿਭਾਗ ਵੱਲੋਂ ਇਸ ਨੂੰ ਸਹੀ ਕਰ ਦਿੱਤਾ ਹੈ, ਦਾ ਮੈਸੇਜ ਆ ਚੁੱਕਾ ਹੈ ਪਰੰਤੂ ਸੱਚ ਇਹ ਹੈ ਕਿ ਇਥੇ ਕੋਈ ਵੀ ਅਧਿਕਾਰੀ ਨਹੀਂ ਬਹੁੜਿਆ ਸਥਿਤੀ ਜਿਉਂ ਦੀ ਤਿਉਂ ਹੈ, ਜੋ ਕਿ ਸਰਾਸਰ ਮੁਹੱਲਾ ਨਿਵਾਸੀਆਂ ਨਾਲ ਬੇਇਸਾਫ਼ੀ ਹੈ।