- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧੀਜੀਵੀ ਵਰਗ ਅਤੇ ਕਿਸਾਨਾਂ ਲਈ ਚਿੰਤਤ ਭੁਪਿੰਦਰ ਸਿੰਘ ਢਿੱਲੋਂ ਅਤੇ ਹਰਦੇਵ ਸਿੰਘ ਫੋਰਮੈਨ ਕਿਹਾ ਕਿ ਇਸ ਵਾਰ ਆਲੂਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀ ਬਾਂਹ ਕੇਂਦਰ ਸਰਕਾਰ ਨੂੰ ਫੜਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਇਸ ਸੰਕਟ ਦੇ ਦੌਰ ਵਿਚੋਂ ਕੱਢਿਆ ਜਾ ਸਕੇ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ :ਪੰਜਾਬ ਵਿਚ ਇਸ ਵਰ੍ਹੇ ਆਲੂਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀ ਬੇਕਦਰੀ ਹੋ ਰਹੀ ਹੈ। ਇਸ ਵਾਰ ਆਲੂਆਂ ਦੀ ਫ਼ਸਲ ਤੋਂ ਖਰਚੇ ਵੀ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਆਲੂਆਂ ਦੇ ਮੰਦੇ ਭਾਅ ਕਾਰਨ ਕਿਸਾਨਾਂ ਦਾ ਬਜਟ ਵਿਗੜ ਗਿਆ ਹੈ। ਮਜ਼ਬੂਰੀ ਵੱਸ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਸਟੋਰ ਕਰਨੀ ਪੈ ਰਹੀ ਹੈ। ਆਲੂ ਕਾਸ਼ਤਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਅ ਦੀ ਮੰਦੀ ਕਾਰਨ ਆਲੂ ਦੀ ਫ਼ਸਲ ਦਾ ਝਾੜ ਵੀ ਘੱਟ ਹੈ।
ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ
ਬੁੱਧੀਜੀਵੀ ਵਰਗ ਅਤੇ ਕਿਸਾਨਾਂ ਲਈ ਚਿੰਤਤ ਭੁਪਿੰਦਰ ਸਿੰਘ ਢਿੱਲੋਂ ਅਤੇ ਹਰਦੇਵ ਸਿੰਘ ਫੋਰਮੈਨ ਕਿਹਾ ਕਿ ਇਸ ਵਾਰ ਆਲੂਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀ ਬਾਂਹ ਕੇਂਦਰ ਸਰਕਾਰ ਨੂੰ ਫੜਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਇਸ ਸੰਕਟ ਦੇ ਦੌਰ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਰੈਲੀ ਵਿਚ ਪੰਜਾਬ ਦੇ ਕਿਸਾਨਾਂ ਲਈ ਖਾਸਕਰ ਆਲੂਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਆਰਥਿਕ ਮਦਦ ਐਲਾਨ ਕਰਨ ਅਤੇ ਆਲੂਆਂ ਦੀ ਫ਼ਸਲ ਦਾ ਮੰਡੀਕਰਨ ਯਕੀਨੀ ਬਣਾਉਣ ਅਤੇ ਆਲੂਆਂ ਦੀ ਫ਼ਸਲ ਦਾ ਭਾਅ ਘੱਟ ਤੋਂ ਘੱਟ ਪਰ ਗੱਟਾ ਇਕ ਹਜ਼ਾਰ ਰੁਪਏ ਨਿਸ਼ਚਿਤ ਕੀਤਾ ਜਾਵੇ।
ਅਗਲੀ ਫਸਲ ਦੀ ਬਿਜਾਈ ਹੋਵੇਗੀ ਪ੍ਰਭਾਵਿਤ : ਕਿਸਾਨ
ਮਾਲਵਾ ਖੇਤਰ ਦੇ ਅਹਿਮ ਪਿੰਡ ਲੁਹਾਰਾ ਦੇ ਕਿਸਾਨ ਦਵਿੰਦਰ ਸਿੰਘ ਖੰਨਾ, ਗੁਰਦੀਪ ਸਿੰਘ ਤਖ਼ਤੂਪੁਰਾ ਅਤੇ ਅਮਰੀਕ ਸਿੰਘ ਰਸੂਲਪੁਰ ਨੇ ਕਿਹਾ ਕਿ ਇਸ ਵਰ੍ਹੇ ਆਲੂਆਂ ਦੀ ਫ਼ਸਲ ਦਾ ਭਾਅ ਨਾ ਮਿਲਣ ਕਾਰਨ ਕਿਸਾਨ ਅਜੇ ਤੱਕ ਆਪਣੀ ਆਲੂਆਂ ਦੀ ਫ਼ਸਲ ਨੂੰ ਸੰਭਾਲਣ ਲਈ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਲੂਆਂ ਦੀ ਪੁਟਾਈ ਤੋਂ ਬਾਅਦ ਕਿਸਾਨ ਆਪਣੀ ਅਗਲੀ ਫ਼ਸਲ ਨੂੰ ਬੀਜਣ ਲਈ ਲੇਟ ਹੋ ਰਹੇ ਹਨ। ਜੇਕਰ ਇਸ ਤਰ੍ਹਾਂ ਅਗਲੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਯਕੀਨਨ ਉਸ ਫ਼ਸਲ ਦੇ ਝਾੜ ਤੇ ਵੀ ਚੋਖਾ ਫਰਕ ਪੈ ਸਕਦਾ ਹੈ।
ਆਲੂਆਂ ਦੀ ਫ਼ਸਲ ਗਰਮੀ ਕਾਰਨ ਹੋ ਸਕਦੀ ਹੈ ਖ਼ਰਾਬ : ਢਿੱਲੋਂ
ਮਾਲਵੇ ਦੇ ਵੱਡੇ ਪਿੰਡ ਦੌਧਰ ਦੇ ਨਾਮੀ ਕਿਸਾਨ ਮਹਿੰਦਰ ਸਿੰਘ ਦੌਧਰ ਨੇ ਕਿਹਾ ਕਿ ਆਲੂਆਂ ਦੀ ਫ਼ਸਲ ਜ਼ਿਆਦਾ ਗਰਮੀ ਕਾਰਨ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਕਿਸਾਨਾਂ ਨੇ ਅਗਲੇ ਦਿਨਾਂ ਵਿਚ ਆਲੂਆਂ ਦੀ ਫ਼ਸਲ ਨੂੰ ਨਾ ਸਾਂਭਿਆ ਜਾਂ ਨਾ ਵਿਕੀ ਤਾਂ ਆਲੂਆਂ ਦੀ ਫ਼ਸਲ ਗਰਮੀ ਕਾਰਨ ਖ਼ਰਾਬ ਹੋ ਜਾਵੇਗੀ ਅਤੇ ਕਿਸਾਨਾਂ ਪੱਲੇ ਬਿਨਾ ਘਾਟੇ ਕੁਝ ਵੀ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿਸਾਨ ਮਜ਼ਦੂਰ ਹਨ ਆਪਣੀ ਪੁੱਤਾਂ ਵਾਂਗ ਪਾਲੀ ਆਲੂਆਂ ਦੀ ਫ਼ਸਲ ਨੂੰ ਗਰਮੀ ਤੋਂ ਬਚਾਉਣ ਲਈ। ਕਿਸਾਨ ਆਲੂਆਂ ਦੀ ਫ਼ਸਲ ਲਈ ਛਾਂ ਦਾ ਪ੍ਰਬੰਧ ਕਰਨ ਲਈ ਤਰਪਾਲਾਂ ਅਤੇ ਪਰਾਲੀ ਦਾ ਸਹਾਰਾ ਲੈ ਰਹੀ ਹੈ ਤਾਂ ਜੋ ਉਨ੍ਹਾਂ ਦੀ ਫ਼ਸਲ ਗਰਮੀ ਕਾਰਨ ਖ਼ਰਾਬ ਨਾ ਹੋਵੇ।
ਆਲੂਆਂ ਦੀ ਫ਼ਸਲ ਦਾ ਝਾੜ ਘੱਟ, ਨਹੀਂ ਹੋ ਰਹੇ ਖਰਚੇ ਪੂਰੇ : ਕਿਸਾਨ
ਆਲੂ ਕਾਸ਼ਤਕਾਰ ਕਿਸਾਨ ਜਗਦੇਵ ਸਿੰਘ ਭੰਗੂ, ਬੇਅੰਤ ਸਿੰਘ ਸਿੱਧੂ ਦੌਧਰ, ਪ੍ਰਿਤਪਾਲ ਸਿੰਘ ਮੱਲੇਆਣਾ, ਸੁਖਮੰਦਰ ਸਿੰਘ ਬਰਾੜ, ਜਗਜੀਤ ਸਿੰਘ ਤਲਵੰਡੀ ਆਦਿ ਕਿਸਾਨਾਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਆਲੂਆਂ ਦੀ ਬੇਕਦਰੀ ਇਸ ਕਦਰ ਹੋ ਰਹੀ ਹੈ ਕਿ ਵਪਾਰੀ ਚੰਗੇ ਆਲੂ ਨੂੰ ਵੀ ਖ਼ਰੀਦਣ ਲਈ ਤਿਆਰ ਨਹੀਂ ਹੈ। ਇਸ ਵਾਰ ਆਲੂਆਂ ਦੇ ਭਾਅ ਦੀ ਮੰਦੀ ਦੇ ਨਾਲ ਨਾਲ ਝਾੜ ਵਿਚ ਵੀ ਚੋਖਾ ਫਰਕ ਹੈ। ਇਸ ਸਾਲ ਆਲੂਆਂ ਦੀ ਫ਼ਸਲ ਤੇ ਕੀਤੇ ਖਰਚੇ ਵੀ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਉਕਤ ਕਿਸਾਨਾਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਆਲੂਆਂ ਦੀ ਫ਼ਸਲ ਦੇ ਭਾਅ ਵਿਚ ਤੇਜ਼ੀ ਨਾ ਆਈ ਤਾਂ ਮਜਬੂਰਨ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਸਟੋਰ ਕਰਨ ਲਈ ਮਜ਼ਬੂਰ ਹੋਣਾ ਪਵੇਗਾ।