ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਦੀ ਪ੍ਰੀਖ਼ਿਆ ਲਈ ਪ੍ਰੇਰਿਆ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ
Publish Date: Thu, 16 Oct 2025 05:10 PM (IST)
Updated Date: Thu, 16 Oct 2025 05:11 PM (IST)

- ਰਿਸੋਰਸ ਪਰਸਨ ਵਜੋਂ ਦਵਿੰਦਰ ਸਿੰਘ ਨੇ ਦਸਮੇਸ਼ ਸਕੂਲ ਬਿਲਾਸਪੁਰ ’ਚ ਦਿੱਤਾ ਭਾਸ਼ਣ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਪ੍ਰੇਰਿਤ ਕਰਨ ਵਾਸਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਤੋਂ ਕੌਮੀ ਸੇਵਾ ਯੋਜਨਾ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਦਵਿੰਦਰ ਸਿੰਘ ਨੇ ਰਿਸੋਰਸ ਪਰਸਨ ਵਜੋਂ ਪਹੁੰਚ ਕੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਇਸ ਨਿਵੇਕਲੇ ਮੁਕਾਬਲੇ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਹਰ ਵਰ੍ਹੇ ਵਿਸ਼ਵ ਪੱਧਰ ’ਤੇ ਕਰਵਾਇਆ ਜਾਂਦਾ ਹੈ ਜਿਸ ਵਿਚ ਪੰਜਾਬ, ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਬੱਚੇ ਵੱਧ ਚੜ੍ਹ ਕੇ ਸ਼ਾਮਲ ਹੁੰਦੇ ਹਨ। ਵਾਈਸ ਪ੍ਰਿੰਸੀਪਲ ਮੀਨਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਇਸ ਸੰਸਥਾ ਦੇ ਹੋਣਹਾਰ ਬੱਚੇ ਹਰ ਸਾਲ ਇਸ ਪ੍ਰੀਖ਼ਿਆ ਵਿਚ ਹਿੱਸਾ ਲੈ ਕੇ ਸਕੂਲ ਦਾ ਨਾਂ ਰੋਸ਼ਨ ਕਰਦੇ ਹਨ। ਇਸ ਵਾਰ ਵੀ ਇਸ ਇਮਤਿਹਾਨ ਵਿਚ ਤਿੰਨਾਂ ਗਰੁੱਪਾਂ ਦੇ ਬੱਚੇ ਅਤੇ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰ ਪੂਰੀ ਤਿਆਰੀ ਨਾਲ ਸ਼ਮੂਲੀਅਤ ਕਰਨਗੇ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਬੋਰਡ ਦੇ ਇਸ ਉੱਦਮ ਸਦਕਾ ਪੰਜਾਬੀ ਮਾਂ ਬੋਲੀ ਦਾ ਮਾਣ ਦੁਨੀਆ ਦੇ ਹਰ ਕੋਨੇ ਵਿਚ ਵਧਿਆ ਹੈ। ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਪੂਰੀ ਤਿਆਰੀ ਨਾਲ ਇਹ ਪ੍ਰੀਖ਼ਿਆ ਦੇਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮੇਂ ਨਵਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਕੁਲਦੀਪ ਸਿੰਘ ਅਤੇ ਜਸਪ੍ਰੀਤ ਸਿੰਘ, ਸੁਨਿਧੀ ਮਿੱਤਲ ਆਦਿ ਮੌਜੂਦ ਸਨ।