Moga News : ਸਕੂਲ ਨੇੜੇ ਵਾਪਰੇ ਹਾਦਸੇ 'ਚ ਛੇਵੀਂ ਜਮਾਤ ਦੇ ਬੱਚੇ ਦੀ ਮੌਤ, ਛੁੱਟੀ ਮਗਰੋਂ ਘਰ ਜਾ ਰਿਹਾ ਸੀ ਬੱਚਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦ ਸਕੂਲ ਤੋਂ ਛੁੱਟੀ ਮਗਰੋਂ ਘਰ ਵੱਲ ਨੂੰ ਜਾ ਰਿਹਾ ਇਕ ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
Publish Date: Mon, 27 Apr 2026 07:19 PM (IST)
Updated Date: Mon, 27 Apr 2026 07:23 PM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦ ਸਕੂਲ ਤੋਂ ਛੁੱਟੀ ਮਗਰੋਂ ਘਰ ਵੱਲ ਨੂੰ ਜਾ ਰਿਹਾ ਇਕ ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ ਅਜੀਤਵਾਲ ਸਕੂਲ ਵਿਖੇ ਛੇਵੀਂ ਕਲਾਸ ਵਿਚ ਪੜ੍ਹਾਈ ਕਰ ਰਿਹਾ 11 ਸਾਲਾ ਗੁਰਸ਼ਰਨਪ੍ਰੀਤ ਸਿੰਘ ਵਾਸੀ ਅਜੀਤਵਾਲ ਜੋ ਕਿ ਛੁੱਟੀ ਮਗਰੋਂ ਆਪਣੇ ਸਾਇਕਲ ’ਤੇ ਘਰ ਨੂੰ ਜਾ ਰਿਹਾ ਸੀ ਤਾਂ ਸਕੂਲ ਦੇ ਨਜ਼ਦੀਕ ਅਚਾਨਕ ਟਰੱਕ ਅਤੇ ਕਾਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਮੌਕੇ ’ਤੇ ਹੜਕੰਪ ਮੱਚ ਗਿਆ ਅਤੇ ਸਥਾਨਕ ਲੋਕਾਂ ਵੱਲੋਂ ਤੁਰੰਤ ਹਾਦਸਾਗ੍ਰਸਤ ਬੱਚੇ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਸ ਦੌਰਾਨ ਰਸਤੇ ਵਿਚ ਹੀ ਬੱਚੇ ਗੁਰਸ਼ਰਨਪ੍ਰੀਤ ਸਿੰਘ ਨੇ ਆਪਣਾ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਜਦ ਇਸ ਸਬੰਧੀ ਥਾਣਾ ਅਜੀਤਵਾਲ ਦੇ ਇੰਚਾਰਜ ਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ ’ਤੇ ਇਕ ਟਰੱਕ ਅਤੇ ਕਾਰ ਦੇ ਉਨ੍ਹਾਂ ਦੇ ਡਰਾਇਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲ ਦੇ ਨੇੜੇ ਸਪੀਡ ਕੰਟਰੋਲ ਲਈ ਇੰਤਜਾਮ ਕੀਤੇ ਜਾਣ ਕਿਉਂਕਿ ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਦਾ ਇਕੱਠ ਹੋ ਜਾਂਦਾ ਹੈ, ਇੱਥੇ ਨਾ ਤਾਂ ਸਪੀਡ ਬ੍ਰੇਕਰ ਹੈ ਅਤੇ ਨਾ ਹੀ ਕੋਈ ਟ੍ਰੈਫਿਕ ਦਾ ਪੁਖ਼ਤਾ ਪ੍ਰਬੰਧ ਹੈ। ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਸਬੰਧੀ ਪੁਖ਼ਤਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ।