Moga News : ਸਰਕਾਰੀ ਸਕੂਲ ’ਚ ਦਰੱਖ਼ਤ ਨਾਲ ਲਟਕਦੀ ਮਿਲੀ ਲੜਕੇ ਦੀ ਲਾਸ਼, ਪਿਓ-ਪੁੱਤ ਖਿ਼ਲਾਫ਼ ਮਾਮਲਾ ਦਰਜ
ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਲੰਡੇ ਵਿਖੇ ਇਕ ਸਰਕਾਰੀ ਸਕੂਲ ਵਿਚ ਦਰੱਖ਼ਤ ਨਾਲ ਲਟਕਦੀ ਲੜਕੇ ਦੀ ਲਾਸ਼ ਮਿਲਣ ’ਤੇ ਪੁਲਿਸ ਨੇ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨ ’ਤੇ ਪਿੰਡ ਦੇ ਹੀ ਬਾਪ ਬੇਟੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Publish Date: Sun, 10 May 2026 06:07 PM (IST)
Updated Date: Sun, 10 May 2026 06:14 PM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਲੰਡੇ ਵਿਖੇ ਇਕ ਸਰਕਾਰੀ ਸਕੂਲ ਵਿਚ ਦਰੱਖ਼ਤ ਨਾਲ ਲਟਕਦੀ ਲੜਕੇ ਦੀ ਲਾਸ਼ ਮਿਲਣ ’ਤੇ ਪੁਲਿਸ ਨੇ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨ ’ਤੇ ਪਿੰਡ ਦੇ ਹੀ ਬਾਪ ਬੇਟੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਮਾਲਸਰ ਪੁਲਿਸ ਦੀ ਸਹਾਇਕ ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਟੇਕ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਲੰਡੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਉਂਦਿਆਂ ਕਿਹਾ ਕਿ ਮਿਤੀ 7 ਮਈ ਦੀ ਸ਼ਾਮ ਨੂੰ 7 ਵਜੇ ਦੇ ਕਰੀਬ ਮੇਰਾ ਲੜਕਾ ਮਨਪ੍ਰੀਤ ਸਿੰਘ ਸਾਡੇ ਘਰ ਤੋਂ ਮੇਰੇ ਭਤੀਜੇ ਰਾਮਪਾਲ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਲੰਡੇ ਨਾਲ ਉਸ ਦੇ ਮੋਟਰਸਾਈਕਲ ਪਰ ਬੈਠ ਕੇ ਘਰੋਂ ਚਲਾ ਗਿਆ ਅਤੇ ਪਿੰਡ ਦੇ ਹੀ ਬਸ ਅੱਡੇ ਪਰ ਉੱਤਰ ਗਿਆ ਸੀ ਪਰੰਤੂ ਉਸ ਦੇ ਰਾਤ ਤੱਕ ਘਰ ਨਾ ਪਰਤਣ ’ਤੇ ਅਸੀਂ ਉਸ ਦੀ ਕਾਫ਼ੀ ਉਡੀਕ ਕੀਤੀ ਪਰ ਮੇਰਾ ਲੜਕਾ ਸਾਰੀ ਰਾਤ ਘਰ ਵਾਪਸ ਨਹੀ ਆਇਆ ਅਤੇ ਉਸ ਤੋ ਬਾਅਦ ਅਸੀ ਮੇਰੇ ਲੜਕੇ ਦੀ ਭਾਲ ਪੜਤਾਲ ਕੀਤੀ ਪਰ ਮੇਰੇ ਲੜਕੇ ਮਨਪ੍ਰੀਤ ਸਿੰਘ ਬਾਰੇ ਸਾਨੂੰ ਕੁੱਝ ਪਤਾ ਨਹੀਂ ਲੱਗਾ।
ਉਸ ਨੇ ਕਿਹਾ ਕਿ ਮਿਤੀ 8 ਮਈ ਦੀ ਸਵੇਰੇ ਸਾਢੇ ਸਤ ਵਜੇ ਦਾ ਹੋਵੇਗਾ ਤਾਂ ਸਾਨੂੰ ਪਤਾ ਲੱਗਾ ਕਿ ਮੇਰੇ ਲੜਕੇ ਮਨਪ੍ਰੀਤ ਸਿੰਘ ਦੀ ਲਾਸ਼ ਸਾਡੇ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਗੱਲ ਵਿਚ ਪਰਨਾ ਪਾਇਆ ਹੋਇਆ ਜਿਸ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ। ਉਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਲੜਕੇ ਦੀ ਮੌਤ ਜਸਪਾਲ ਸਿੰਘ ਅਤੇ ਉਸ ਦੇ ਲੜਕੇ ਲਵਪ੍ਰੀਤ ਸਿੰਘ ਵਾਸੀ ਪਿੰਡ ਲੰਡੇ ਵੱਲੋਂ ਮੇਰੇ ਲੜਕੇ ਨੂੰ ਤੰਗ ਪਰੇਸ਼ਾਨ ਕਰਨ ਕਰਕੇ ਇਨ੍ਹਾਂ ਦੋਵਾਂ ਵੱਲੋਂ ਦੁਖੀ ਕਰਨ ਕਰਕੇ ਫਾਹਾ ਲੈਣ ਕਰਕੇ ਹੋਈ ਹੈ।
ਉਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਸਪਾਲ ਸਿੰਘ ਦੀ ਘਰਵਾਲੀ ਦੇ ਮੇਰੇ ਲੜਕੇ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ। ਪੁਲਿਸ ਨੇ ਮ੍ਰਿਤਕ ਲੜਕੇ ਮਨਪ੍ਰੀਤ ਸਿੰਘ ਦੇ ਪਿਤਾ ਦੇ ਬਿਆਨ ਲੈਕੇ ਜਸਪਾਲ ਸਿੰਘ ਅਤੇ ਉਸ ਦੇ ਲੜਕੇ ਲਵਪ੍ਰੀਤ ਸਿੰਘ ਦੇ ਖ਼ਿਲਾਫ਼ ਥਾਣਾ ਸਮਾਲਸਰ ਵਿਖੇ ਮਾਮਲਾ ਦਰਜ ਕਰਕੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਹਾਇਕ ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਾਪ ਬੇਟੇ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਸ ਵਿਚ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਦੇ ਖਿਲ਼ਾਫ਼ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।