ਮੋਗਾ ਸ਼ਹਿਰ ਦੇ ਇਕ ਇਲਾਕੇ ਦਾ ਹੈਰਾਨ ਕਰ ਦੇਣ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰਵਾਸੀ ਮਜ਼ਦੂਰ ਦੀ 9 ਸਾਲਾ ਧੀ ਸ਼ੱਕੀ ਹਾਲਾਤ ਵਿਚ ਫਾਹੇ ਨਾਲ ਲਟਕਦੀ ਮਿਲੀ। ਲੜਕੀ ਨੂੰ ਫਾਹੇ ਨਾਲ ਲਟਕਦੀ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ।

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਇਕ ਇਲਾਕੇ ਦਾ ਹੈਰਾਨ ਕਰ ਦੇਣ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪ੍ਰਵਾਸੀ ਮਜ਼ਦੂਰ ਦੀ 9 ਸਾਲਾ ਧੀ ਸ਼ੱਕੀ ਹਾਲਾਤ ਵਿਚ ਫਾਹੇ ਨਾਲ ਲਟਕਦੀ ਮਿਲੀ। ਲੜਕੀ ਨੂੰ ਫਾਹੇ ਨਾਲ ਲਟਕਦੀ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ।
ਪਰਿਵਾਰ ਨੇ ਤੁਰੰਤ ਉਸਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਇੱਥੇ ਕਿਰਾਏ ਦੇ ਕੁਆਰਟਰਾਂ ਵਿਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ। ਘਟਨਾ ਸਮੇਂ ਲੜਕੀ ਦੇ ਮਾਪੇ ਕੰਮ ’ਤੇ ਗਏ ਸਨ। ਪਰਿਵਾਰ ਨੇ ਦੋਸ਼ ਲਗਾਇਆ ਕਿ ਨੇੜਲੇ ਕੁਆਰਟਰ ’ਚ ਰਹਿਣ ਵਾਲਾ ਇਕ ਨੌਜਵਾਨ ਜੋ ਮੂਲ ਰੂਪ ਵਿਚ ਝਾਰਖੰਡ ਦਾ ਰਹਿਣ ਵਾਲਾ ਹੈ, ਨੇ ਪਹਿਲਾਂ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸਨੂੰ ਕੁਆਰਟਰ ਦੇ ਬਾਹਰ ਬਰਾਂਡੇ ਵਿਚ ਦੁਪੱਟੇ ਨਾਲ ਲਟਕਾ ਕੇ ਮਾਰ ਦਿੱਤਾ।
ਇਸ ਦੌਰਾਨ ਜਦੋਂ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਉਹ ਲੜਕੀ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਵਿਰੁੱਧ ਕਤਲ ਅਤੇ ਜਬਰ ਜਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ। ਮ੍ਰਿਤਕ ਲੜਕੀ ਦੀਆਂ ਭੈਣਾਂ ਦੇ ਅਨੁਸਾਰ ਉਨ੍ਹਾਂ ਦੀ ਮਾਂ ਰੇਲਵੇ ਪਲੇਟਫਾਰਮ 'ਤੇ ਮਜ਼ਦੂਰੀ ਕਰਦੀ ਹੈ। ਲੜਕੀ ਆਪਣੀ ਮਾਂ ਦਾ ਮੋਬਾਈਲ ਫੋਨ ਲੈਣ ਗਈ ਸੀ। ਜਦੋਂ ਉਹ ਕੁੱਝ ਸਮੇਂ ਬਾਅਦ ਘਰ ਵਾਪਸ ਆਈ ਤਾਂ ਉਹ ਕੁਆਰਟਰ ਦੇ ਬਾਹਰ ਬਰਾਂਡੇ ਵਿਚ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਈ।
ਉਸਨੇ ਆਪਣੀ ਭੈਣ ਨੂੰ ਦੁਪੱਟੇ ਨਾਲ ਲਟਕਦੇ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਰੌਲਾ ਪਾ ਦਿੱਤਾ। ਚੀਕਾਂ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਅਤੇ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ। ਦੂਜੇ ਪਾਸੇ ਮਾਮਲੇ ਵਿਚ ਐੱਸਐੱਚਓ ਵਰੁਣ ਕੁਮਾਰ ਨੇ ਕਿਹਾ ਕਿ 9 ਸਾਲ ਦੀ ਬੱਚੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਦੋਸ਼ ਲਗਾਇਆ ਕਿ ਨੇੜਲੇ ਕੁਆਰਟਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਉਸਦੀ ਧੀ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸਨੂੰ ਮਾਰ ਦਿੱਤਾ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਡੀਐੱਸਪੀ ਸਿਟੀ ਮੋਗਾ ਜਤਿੰਦਰ ਸਿੰਘ ਨੇ ਬੀਤੇ ਦਿਨੀਂ 9 ਸਾਲ ਦੀ ਬੱਚੀ ਨਾਲ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੋਗਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਫੌਰੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।