Moga Crime : ਪੈਸੇ ਮੰਗਣ ’ਤੇ ਠੇਕੇਦਾਰ ਨੇ ਮਜ਼ਦੂਰ ਦੇ ਸਿਰ ’ਚ ਗਜ਼ ਮਾਰ ਕੇ ਮੌਤ ਘਾਟ ਉਤਾਰਿਆ, ਮੁਲਜ਼ਮ ਗ੍ਰਿਫ਼ਤਾਰ
ਠੇਕੇਦਾਰ ਗੁਰਮੀਤ ਸਿੰਘ ਗੋਰਾ ਨੇ ਉਸ ਦੇ ਲੜਕੇ ਨੂੰ ਦਿਹਾੜੀ ਘੱਟ ਦਿੱਤੀ ਸੀ ਤੇ ਜਦ ਮਿਤੀ 11 ਮਈ ਨੂੰ ਉਸ ਦੇ ਪਤੀ ਠੇਕੇਦਾਰ ਗੁਰਮੀਤ ਸਿੰਘ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ ਅਤੇ ਠੇਕੇਦਾਰ ਗੁਰਮੀਤ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਤੀ ਦੇ ਸਿਰ ਵਿਚ ਲੱਕੜ ਦਾ ਗੱਜ਼ ਅਤੇ ਵੱਡਾ ਫੱਟਾ ਚੱਕ ਕੇ ਮਾਰਿਆ।
Publish Date: Sun, 17 May 2026 06:51 PM (IST)
Updated Date: Sun, 17 May 2026 06:56 PM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਕਸਬਾ ਨਿਹਾਲ ਸਿੰਘ ਵਾਲਾ ਵਿਖੇ ਉਸਾਰੀ ਦਾ ਕੰਮ ਕਰਨ ਵਾਲੇ ਇਕ ਮਜਦੂਰ ਵੱਲੋਂ ਠੇਕੇਦਾਰ ਤੋਂ ਪੈਸੇ ਮੰਗਣ ’ਤੇ ਠੇਕੇਦਾਰ ਨੇ ਮਜ਼ਦੂਰ ਦੇ ਸਿਰ ਵਿਚ ਲੱਕੜ ਦਾ ਗਜ਼ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਨੇ ਮ੍ਰਿਤਕ ਮਜ਼ਦੂਰ ਦੀ ਪਤਨੀ ਦੇ ਬਿਆਨ ’ਤੇ ਠੇਕੇਦਾਰ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਇਸੰਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਔਰਤ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਰਣਸੀਂਹ ਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਉਦਿਆਂ ਕਿਹਾ ਕਿ ਉਸ ਦਾ ਪਤੀ ਹਰਜਿੰਦਰ ਸਿੰਘ ਅਤੇ ਉਸ ਦਾ ਲੜਕਾ ਮਨਿੰਦਰ ਸਿੰਘ ਜੋਕਿ ਉਸਾਰੀ ਦਾ ਕੰਮ ਕਰਨ ਵਾਲੇ ਠੇਕੇਦਾਰ ਗੁਰਮੀਤ ਸਿੰਘ ਉਰਫ਼ ਗੋਰਾ ਵਾਸੀ ਬਾਘਾਪੁਰਾਣਾ ਨਾਲ ਦਿਹਾੜੀ ’ਤੇ ਕੰਮ ਕਰਦੇ ਹਨ।
ਠੇਕੇਦਾਰ ਗੁਰਮੀਤ ਸਿੰਘ ਗੋਰਾ ਨੇ ਉਸ ਦੇ ਲੜਕੇ ਨੂੰ ਦਿਹਾੜੀ ਘੱਟ ਦਿੱਤੀ ਸੀ ਤੇ ਜਦ ਮਿਤੀ 11 ਮਈ ਨੂੰ ਉਸ ਦੇ ਪਤੀ ਠੇਕੇਦਾਰ ਗੁਰਮੀਤ ਸਿੰਘ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ ਅਤੇ ਠੇਕੇਦਾਰ ਗੁਰਮੀਤ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਤੀ ਦੇ ਸਿਰ ਵਿਚ ਲੱਕੜ ਦਾ ਗੱਜ਼ ਅਤੇ ਵੱਡਾ ਫੱਟਾ ਚੱਕ ਕੇ ਮਾਰਿਆ। ਜਿਸ ਕਾਰਨ ਉਸ ਦਾ ਪਤੀ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਮਿਤੀ 16 ਮਈ ਨੂੰ ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਕਿਰਨਜੀਤ ਕੌਰ ਦੇ ਬਿਆਨ ’ਤੇ ਠੇਕੇਦਾਰ ਗੁਰਮੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।