ਮੋਗਾ ਪੁਲਿਸ ਦੀ ਵੱਡੀ ਕਾਰਵਾਈ: ਪਿੰਡ ਕੈਲਾ 'ਚ ਭਰਪੂਰ ਸਿੰਘ ਦਾ ਕਤਲ ਕਰਨ ਵਾਲਾ ਮੁਲਜ਼ਮ ਹਥਿਆਰ ਸਣੇ ਕਾਬੂ
ਡੀ.ਐਸ.ਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ (ਨਿਵਾਸੀ ਅਗਵਾੜ ਸਧੂਆਂ, ਧਰਮਕੋਟ) ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਇੰਦਰਜੀਤ ਸਿੰਘ ਉਰਫ਼ ਸੋਨੀ, ਜਿਸਦਾ ਉਸਦੇ ਭਰਾ ਦੇ ਘਰ ਆਉਣਾ-ਜਾਣਾ ਸੀ, 10 ਫਰਵਰੀ ਨੂੰ ਉਸਦੇ ਭਰਾ ਭਰਪੂਰ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਅਤੇ ਰਸੋਈ ਵਿੱਚ ਵੜ ਗਿਆ।
Publish Date: Sat, 14 Feb 2026 02:00 PM (IST)
Updated Date: Sat, 14 Feb 2026 02:02 PM (IST)
ਸੰਵਾਦ ਸਹਿਯੋਗੀ, ਮੋਗਾ: ਐਸ.ਐਸ.ਪੀ ਮੋਗਾ ਅਜੇ ਗਾਂਧੀ, ਐਸ.ਪੀ.(ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐਸ.ਪੀ ਧਰਮਕੋਟ ਜਸਵਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਧਰਮਕੋਟ ਇੰਸਪੈਕਟਰ ਲਛਮਣ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਬੀਤੇ ਦਿਨੀਂ ਧਰਮਕੋਟ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇੰਦਰਜੀਤ ਸਿੰਘ ਉਰਫ਼ ਸੋਨੀ (ਨਿਵਾਸੀ ਕੈਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀ.ਐਸ.ਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ (ਨਿਵਾਸੀ ਅਗਵਾੜ ਸਧੂਆਂ, ਧਰਮਕੋਟ) ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਇੰਦਰਜੀਤ ਸਿੰਘ ਉਰਫ਼ ਸੋਨੀ, ਜਿਸਦਾ ਉਸਦੇ ਭਰਾ ਦੇ ਘਰ ਆਉਣਾ-ਜਾਣਾ ਸੀ, 10 ਫਰਵਰੀ ਨੂੰ ਉਸਦੇ ਭਰਾ ਭਰਪੂਰ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਅਤੇ ਰਸੋਈ ਵਿੱਚ ਵੜ ਗਿਆ। ਜਦੋਂ ਰਸੋਈ ਵਿੱਚੋਂ ਦੋ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਇੰਦਰਜੀਤ ਸੋਨੀ ਤੁਰੰਤ ਰਸੋਈ ਵਿੱਚੋਂ ਬਾਹਰ ਭੱਜਿਆ, ਉਸਦੇ ਹੱਥ ਵਿੱਚ ਰਿਵਾਲਵਰ ਸੀ।
ਜਦੋਂ ਗੁਰਮੇਜ ਸਿੰਘ ਰਸੋਈ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਉਸਦਾ ਭਰਾ ਭਰਪੂਰ ਸਿੰਘ ਜ਼ਮੀਨ 'ਤੇ ਪਿਆ ਸੀ ਅਤੇ ਉਸਦੇ ਸਿਰ ਤੇ ਕੰਨਾਂ ਵਿੱਚੋਂ ਖ਼ੂਨ ਵਹਿ ਰਿਹਾ ਸੀ। ਗੋਲੀ ਲੱਗਣ ਕਾਰਨ ਭਰਪੂਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਗੁਰਮੇਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕੀਤਾ ਹੈ।
ਡੀ.ਐਸ.ਪੀ ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਸੀ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਭਰਪੂਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਮੁਲਜ਼ਮ ਨਾਲ ਝਗੜਾ ਹੋਇਆ ਸੀ। ਇਸੇ ਕਾਰਨ ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਦੀ ਰਿਵਾਲਵਰ, 02 ਖੋਲ ਅਤੇ 04 ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।