ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ, ਪ੍ਰੀਖਿਆ ਦੇ ਕੇ ਪਰਤੀ ਵਿਦਿਆਰਥਣ 'ਤੇ ਮਾਂ ਦੇ ਮਾਮੇ ਨੇ ਕੀਤਾ ਹਮਲਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
ਮਾਮੇ ਵੱਲੋਂ ਕੀਤੇ ਹਮਲੇ 'ਚ ਜ਼ਖ਼ਮੀ ਵਿਦਿਆਰਥਣ ਰਾਜਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਆਪਣੇ ਮੈਂਬਰ ਵਾਂਗ ਰੱਖਿਆ ਹੋਇਆ ਸੀ, ਪਰ ਉਹ ਨਾ ਜਾਣੇ ਕਿਸ ਗੱਲ ਨੂੰ ਲੈ ਕੇ ਮਨ ਵਿੱਚ ਰੰਜਿਸ਼ ਰੱਖੀ ਬੈਠਾ ਸੀ।
Publish Date: Mon, 23 Feb 2026 04:57 PM (IST)
Updated Date: Mon, 23 Feb 2026 05:15 PM (IST)
ਜਾਗਰਣ ਸੰਵਾਦਦਾਤਾ, ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਉੱਚਾ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਅੱਠਵੀਂ ਜਮਾਤ 'ਚ ਪੜ੍ਹਦੀ 14 ਸਾਲਾ ਬੱਚੀ 'ਤੇ ਉਸ ਦੀ ਮਾਂ ਦੇ ਮਾਮੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।
ਜ਼ਖ਼ਮੀ ਵਿਦਿਆਰਥਣ ਰਾਜਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਦਾ ਮਾਮਾ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਉੱਥੇ ਹੀ ਖਾਂਦਾ-ਪੀਂਦਾ ਸੀ। ਪਰਿਵਾਰ ਨੇ ਉਸ ਨੂੰ ਆਪਣੇ ਮੈਂਬਰ ਵਾਂਗ ਰੱਖਿਆ ਹੋਇਆ ਸੀ, ਪਰ ਉਹ ਨਾ ਜਾਣੇ ਕਿਸ ਗੱਲ ਨੂੰ ਲੈ ਕੇ ਮਨ ਵਿਚ ਰੰਜਿਸ਼ ਰੱਖੀ ਬੈਠਾ ਸੀ।
ਸੋਮਵਾਰ ਨੂੰ ਜਦੋਂ ਰਾਜਦੀਪ ਕੌਰ ਆਪਣੀ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਕੇ ਘਰ ਪਰਤੀ ਅਤੇ ਕਮਰੇ 'ਚ ਵਰਦੀ ਬਦਲਣ ਗਈ ਤਾਂ ਮੁਲਜ਼ਮ ਪਹਿਲਾਂ ਹੀ ਕਮਰੇ ਦੇ ਦਰਵਾਜ਼ੇ ਪਿੱਛੇ ਲੁਕਿਆ ਬੈਠਾ ਸੀ। ਜਿਵੇਂ ਹੀ ਉਹ ਅੰਦਰ ਗਈ, ਮੁਲਜ਼ਮ ਨੇ ਦਰਵਾਜ਼ਾ ਬੰਦ ਕਰ ਕੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ।
ਖੂਨ ਨਾਲ ਲੱਥਪੱਥ ਹੋਈ ਵਿਦਿਆਰਥਣ
ਹਮਲੇ 'ਚ ਅੱਲ੍ਹੜ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਈ ਤੇ ਉਸ ਨੇ ਰੌਲਾ ਪਾਇਆ। ਰੌਲਾ ਸੁਣ ਕੇ ਉਸ ਦੀ ਮਾਂ ਮੌਕੇ 'ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਬੇਟੀ ਨੂੰ ਬਾਹਰ ਕੱਢਿਆ। ਤੁਰੰਤ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।
ਮੁਲਜ਼ਮ ਦੀ ਭਾਲ 'ਚ ਜੁਟੀ ਪੁਲਿਸ
ਇਸ ਘਟਨਾ ਨੇ ਪੂਰੇ ਪਿੰਡ 'ਚ ਗੁੱਸਾ ਪੈਦਾ ਕਰ ਦਿੱਤਾ ਹੈ। ਲੋਕ ਇਹ ਸਵਾਲ ਉਠਾ ਰਹੇ ਹਨ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਹਾਰਾ ਦਿੱਤਾ, ਉਸ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਕਿਵੇਂ ਦੇ ਦਿੱਤਾ। ਇਹ ਮਾਮਲਾ ਸਮਾਜਿਕ ਅਤੇ ਪਰਿਵਾਰਕ ਵਿਸ਼ਵਾਸ 'ਤੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ ਹਨ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।