ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਮੈਡੀਕਲ ਤੇ ਡੈਂਟਲ ਸੇਵਾਵਾਂ ਜਾਰੀ
ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ
Publish Date: Thu, 16 Oct 2025 04:59 PM (IST)
Updated Date: Thu, 16 Oct 2025 04:59 PM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਧਰਮਕੋਟ : ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਨਿਰੰਤਰ ਸੇਵਾਵਾਂ ਜਾਰੀ ਹਨ। ਟੀਮ ਮੱਖਣ ਬਰਾੜ ਦੇ ਮੈਂਬਰ ਇਕਬਾਲਦੀਪ ਸਿੰਘ ਹੈਰੀ ਨੇ ਦੱਸਿਆ ਕਿ ਡਾ. ਰਾਜਨ ਸਿੱਧੂ ਜਲੰਧਰ ਦੀ ਅਗਵਾਈ ਹੇਠ ਸਿਡਨੀ ਸਪੋਰਟਰਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡਾਂ ਵਿਚ ਮੈਡੀਕਲ ਅਤੇ ਡੈਂਟਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਕੋਸ਼ਿਸ਼ ਦਾ ਉਦੇਸ਼ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਦਵਾਈਆਂ, ਚੈੱਕਅਪ ਅਤੇ ਸਿਹਤ ਸਬੰਧੀ ਸਲਾਹ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਡਾ. ਰਾਜਨ ਸਿੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਤਰ੍ਹਾਂ ਦੀਆਂ ਆਮ ਅਤੇ ਗੰਭੀਰ ਬਿਮਾਰੀਆਂ ਲਈ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਡੈਂਟਲ ਏਡ ਸੇਵਾਵਾਂ ਤਹਿਤ ਦੰਦਾਂ ਦੀ ਜਾਂਚ ਅਤੇ ਇਲਾਜ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਪਿੰਡਾਂ ਵਿਚ ਹੀ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਸ ਮੁਹਿੰਮ ਤਹਿਤ ਪਿੰਡ ਸੰਘੇੜਾ ਵਿਚ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ, ਜਿਸ ਵਿਚ ਸੈਂਕੜੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕਈ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡੈਂਟਲ ਵਿਭਾਗ ਦੇ ਤਹਿਤ ਦੰਦਾਂ ਦਾ ਚੈੱਕਅਪ, ਸਫ਼ਾਈ ਅਤੇ ਇਲਾਜ ਵੀ ਕੀਤਾ ਗਿਆ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਡਾ. ਰਾਜਨ ਸਿੱਧੂ ਅਤੇ ਸਿਡਨੀ ਸਪੋਰਟਰਜ਼ ਦਾ ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸੇਵਾ ਮਨੁੱਖਤਾ ਪ੍ਰਤੀ ਸੱਚੀ ਸਮਰਪਣ ਦੀ ਪ੍ਰਤੀਕ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਲੋਕਾਂ ਦੇ ਸਿਹਤ ਸਤਰ ਨੂੰ ਸੁਧਾਰਨ ਵਿਚ ਮਦਦਗਾਰ ਸਾਬਤ ਹੋ ਰਹੇ ਹਨ। ਇਕਬਾਲਦੀਪ ਸਿੰਘ ਹੈਰੀ ਨੇ ਜਾਣਕਾਰੀ ਦਿੱਤੀ ਕਿ 17 ਅਕਤੂਬਰ ਸ਼ੁੱਕਰਵਾਰ ਨੂੰ ਪਿੰਡ ਚੱਕ ਤਾਰੇਵਾਲਾ ਵਿਖੇ ਇਕ ਹੋਰ ਵਿਸ਼ਾਲ ਮੈਡੀਕਲ ਅਤੇ ਡੈਂਟਲ ਕੈਂਪ ਲਾਇਆ ਜਾਵੇਗਾ। ਇਸ ਕੈਂਪ ਵਿਚ ਮਾਹਰ ਡਾਕਟਰਾਂ ਦੀ ਟੀਮ ਹਾਜ਼ਰ ਰਹੇਗੀ, ਜੋ ਹਰ ਉਮਰ ਦੇ ਲੋਕਾਂ ਦੀ ਜਾਂਚ ਕਰ ਕੇ ਇਲਾਜ ਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਏਗੀ। ਮੱਖਣ ਬਰਾੜ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਹਰੇਕ ਪ੍ਰਭਾਵਿਤ ਪਿੰਡ ਤਕ ਸੇਵਾ ਪਹੁੰਚਾਉਣਾ ਉਨ੍ਹਾਂ ਦੀ ਟੀਮ ਦਾ ਮਿਸ਼ਨ ਹੈ ਅਤੇ ਇਹ ਸੇਵਾ ਮੁਹਿੰਮ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਹੜ੍ਹ ਪੀੜਤ ਪੂਰੀ ਤਰ੍ਹਾਂ ਮੁੜ ਆਪਣੇ ਪੈਰਾਂ ’ਤੇ ਨਹੀਂ ਖੜ੍ਹ ਜਾਂਦੇ। ਇਸ ਮੌਕੇ ਡਾ. ਸੰਦੀਪ ਕੌਰ ਸਿੱਧੂ, ਜਗੀਰ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਰਾਊਵਾਲ, ਬਚਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਮਨਜੀਤ ਸਿੰਘ, ਦਲਜੀਤ ਸਿੰਘ ਦਫ਼ਤਰ ਇੰਚਾਰਜ ਆਦਿ ਹਾਜ਼ਰ ਸਨ।