ਮੋਗਾ ਦੇ ਰਾਮ ਬੋਲੀ ਨੇੜੇ ਖਾਲੀ ਪਲਾਟਾਂ 'ਚੋਂ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ ’ਚ ਸਨਸਨੀ
ਪੁਲਿਸ ਅਧਿਕਾਰੀਆਂ ਮੁਤਾਬਕ ਅਣਪਛਾਤੇ ਨੌਜਵਾਨ ਦੀ ਪਛਾਣ ਲਈ ਆਸ-ਪਾਸ ਦੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ
Publish Date: Tue, 27 Jan 2026 07:57 AM (IST)
Updated Date: Tue, 27 Jan 2026 08:00 AM (IST)
ਵਕੀਲ ਮਹਿਰੋਂ, ਮੋਗਾ : ਮੋਗਾ ਸ਼ਹਿਰ ਦੇ ਬਹੋਨਾ ਰੋਡ ਰਾਮ ਬੋਲੀ ਨੇੜੇ ਸਥਿਤ ਖਾਲੀ ਪਲਾਟਾਂ 'ਚ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਰਾਹਗੀਰਾਂ ਵੱਲੋਂ ਖਾਲੀ ਪਲਾਟਾਂ ਅੰਦਰ ਇਕ ਨੌਜਵਾਨ ਨੂੰ ਅਚੇਤ ਅਵਸਥਾ 'ਚ ਪਿਆ ਦੇਖਣ ਉਪਰੰਤ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਸਿਟੀ-1 ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ।
ਜਾਣਕਾਰੀ ਦਿੰਦਿਆਂ ਸਿਟੀ-1 ਥਾਣੇ ਦੇ ਐਸਐਚਓ ਵਰੁਣ ਮੱਟੂ ਨੇ ਦੱਸਿਆ ਕਿ ਪੁਲਿਸ ਨੂੰ 112 ਨੰਬਰ ’ਤੇ ਇਕ ਕਾਲ ਪ੍ਰਾਪਤ ਹੋਈ ਸੀ ਜਿਸ ਵਿਚ ਬਹੋਨਾ ਚੌਕ ਤੋਂ ਅੱਗੇ ਖਾਲੀ ਪਲਾਟਾਂ 'ਚ ਨੌਜਵਾਨ ਦੀ ਲਾਸ਼ ਪਈ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੁਲਿਸ ਵੱਲੋਂ ਤੁਰੰਤ ਮਾਮਲੇ ਦੀ ਹਰ ਪੱਖੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਨੌਜਵਾਨ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸ਼ਨਾਖਤ ਲਈ ਰੱਖਿਆ ਗਿਆ ਹੈ।