ਮਾਲਵਿਕਾ ਸੂਦ ਦੀ ਅਗਵਾਈ ’ਚ ਨਿਰੋਤਮ ਪੁਰੀ ਕਾਂਗਰਸ ’ਚ ਸ਼ਾਮਲ
ਸ਼ਹਿਰ ਦੀ ਸਿਆਸਤ ਵਿਚ ਅੱਜ
Publish Date: Thu, 23 Apr 2026 07:01 PM (IST)
Updated Date: Thu, 23 Apr 2026 07:04 PM (IST)

-ਪੁਰੀ ਗਰੁੱਪ ਦੇ ਪ੍ਰਧਾਨ ਨੇ ਕਿਹਾ, ਮਾਲਵਿਕਾ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ ਵਕੀਲ ਮਹਿਰੋਂ 0 ਪੰਜਾਬੀ ਜਾਗਰਣ ਮੋਗਾ : ਸ਼ਹਿਰ ਦੀ ਸਿਆਸਤ ਵਿਚ ਅੱਜ ਇਕ ਵੱਡਾ ਮੋੜ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪੁਰੀ ਗਰੁੱਪ ਦੇ ਪ੍ਰਧਾਨ ਨਿਰੋਤਮ ਪੁਰੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਹੋਈ, ਜਿਸ ਨਾਲ ਸਥਾਨਕ ਰਾਜਨੀਤੀ ਵਿਚ ਨਵਾਂ ਰੰਗ ਭਰਿਆ ਗਿਆ ਹੈ। ਇਸ ਮੌਕੇ ਮਾਲਵਿਕਾ ਸੂਦ ਨੇ ਨਿਰੋਤਮ ਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ-ਹਿਤੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ, ਜੋ ਕਿ ਪਾਰਟੀ ਲਈ ਬਹੁਤ ਹੀ ਸ਼ੁਭ ਸੰਕੇਤ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਾਮਿਲੀਆਂ ਨਾਲ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਫਾਇਦਾ ਹੋਵੇਗਾ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਹੋਰ ਮਜ਼ਬੂਤੀ ਨਾਲ ਉੱਭਰੇਗੀ। ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਫੇਰਬਦਲ ਨਾਲ ਮੋਗਾ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣ ਰਹੇ ਹਨ, ਜੋ ਆਉਣ ਵਾਲੀਆਂ ਚੋਣਾਂ ਵਿਚ ਨਤੀਜਿਆਂ ’ਤੇ ਸਿੱਧਾ ਅਸਰ ਪਾ ਸਕਦੇ ਹਨ। ਕੁੱਲ ਮਿਲਾ ਕੇ, ਨਿਰੋਤਮ ਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਾਂਗਰਸ ਵਿਚ ਸ਼ਮੂਲੀਅਤ ਨੇ ਸਿਆਸੀ ਹਲਕਿਆਂ ’ਚ ਚਰਚਾ ਨੂੰ ਜਨਮ ਦੇ ਦਿੱਤਾ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦਾ ਆਉਣ ਵਾਲੀਆਂ ਚੋਣਾਂ ’ਤੇ ਕੀ ਪ੍ਰਭਾਵ ਪੈਂਦਾ ਹੈ। ਮਾਲਵਿਕਾ ਦੀ ਹਲਕੇ ਲਈ ਕੀਤੀ ਮਿਹਨਤ ਤੇ ਜਜ਼ਬੇ ਤੋਂ ਹੋਏ ਪ੍ਰਭਾਵਿਤ : ਪੁਰੀ ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਿਰੋਤਮ ਪੁਰੀ ਨੇ ਕਿਹਾ ਕਿ ਉਹ ਮਾਲਵਿਕਾ ਸੂਦ ਦੀ ਮਿਹਨਤ, ਜਜ਼ਬੇ ਅਤੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਮੋਗਾ ਦੀ ਧੀ ਮਾਲਵਿਕਾ ਸੂਦ ਨੂੰ ਸਮਰਥਨ ਦੇਣਾ ਸਾਡਾ ਫਰਜ ਹੈ ਅਤੇ ਅਸੀਂ ਪੂਰੀ ਤਰ੍ਹਾਂ ਨਾਲ ਕਾਂਗਰਸ ਦੀ ਨੀਤੀ ਨਾਲ ਖੜ੍ਹੇ ਹਾਂ। ਨਿਰੋਤਮ ਪੁਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਰਪੋਰੇਸ਼ਨ ਵਿਚ ਫ਼ੈਲੀ ਕੁਰੱਪਸ਼ਨ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਇਮਾਨਦਾਰੀ ਦਾ ਝੰਡਾ ਬੁਲੰਦ ਕਰਕੇ ਸਾਫ਼-ਸੁਥਰੀ ਪ੍ਰਸ਼ਾਸਨਿਕ ਪ੍ਰਣਾਲੀ ਲਿਆਂਦੀ ਜਾਵੇ।