ਰਾਸ਼ਟਰੀ ਪੱਧਰੀ ਕੁਸ਼ਤੀ ਖੇਡ ’ਚ ਪਹੁੰਚੀ ਸੁਖਪ੍ਰੀਤ ਕੌਰ ਦਾ ਕੀਤਾ ਸਨਮਾਨ
ਪੰਜਾਬ ਸਿੱਖਿਆ ਬੋਰਡ ਵੱਲੋਂ ਅਯੋਜਿਤ ਖੇਡਾਂ
Publish Date: Thu, 16 Oct 2025 04:12 PM (IST)
Updated Date: Thu, 16 Oct 2025 04:14 PM (IST)

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਪੰਜਾਬ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਖੇਡਾਂ ਵਿਚ ਪੰਜਾਬ ਦੇ ਬਹੁਤ ਸਾਰੇ ਸਕੂਲ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਬੀਆਰਸੀ ਕੌਨਵੈਂਟ ਸਕੂਲ ਸਮਾਧ ਭਾਈ ਦੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਨੇ 49 ਕਿਲੋ ਭਾਰ ਅੰਡਰ 17 ਵਿਚ ਪੰਜਾਬ ਪੱਧਰ ਤੇ ਜਿੱਤ ਹਾਸਲ ਕਰ ਕੇ ਰਾਸ਼ਟਰੀ ਪੱਧਰ ਦੀ ਖੇਡ ਵਿਚ ਆਪਣਾ ਨਾਮ ਦਰਜ ਕਰਵਾਇਆ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਨੇ ਆਪਣੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਦਾ ਸਵਾਗਤ ਬੜੀ ਧੂਮਧਾਮ ਨਾਲ ਕੀਤਾ। ਸੁਖਪ੍ਰੀਤ ਕੌਰ ਦੇ ਸੁਆਗਤ ਲਈ ਸਵਾਗਤੀ ਪਰੇਡ ਕਰਵਾਈ ਗਈ। ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਸੁਖਪ੍ਰੀਤ ਕੌਰ ਦੇ ਸਕੂਲ ਪਹੁੰਚਣ ’ਤੇ ਉਸ ਦੇ ਗਲ ਵਿਚ ਹਾਰ ਪਾ ਕੇ ਸਵਾਗਤ ਕੀਤਾ। ਸਕੂਲ ਵਿਦਿਆਰਥੀਆਂ ਨੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਖਿਡਾਰਨ ਨਾਲ ਉਸ ਦੇ ਪਿਤਾ ਗੁਰਜੰਟ ਸਿੰਘ, ਮਾਤਾ ਰਾਜਵੀਰ ਕੌਰ ਮੌਜੂਦ ਸਨ। ਖਿਡਾਰਨ ਦੇ ਪਿੰਡ ਫੂਲੇਵਾਲਾ ਦੇ ਸਰਪੰਚ ਸਾਹਿਬ ਨਿਰਭੈਅ ਸਿੰਘ, ਉਨ੍ਹਾਂ ਦੇ ਭਰਾ ਬਲਜਿੰਦਰ ਸਿੰਘ, ਪੰਚਾਇਤ ਮੈਂਬਰ ਭਾਰਤ ਸਿੰਘ ਤੇ ਜਗਸੀਰ ਸਿੰਘ, ਜਗਮੋਹਨ ਸਿੰਘ, ਸਮਾਧ ਭਾਈ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਕੋਚ ਸੁਖਸੇਵਕ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ ਵੀ ਹਾਜ਼ਰ ਸਨ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਕਿਰਨਾ ਰਾਣੀ ਵੱਲੋਂ ਦੇਸੀ ਘਿਓ ਤੇ ਟਰਾਫੀ ਦੇ ਕੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਵੱਲੋਂ ਵਿਦਿਆਰਥਣ ਦੀ ਬਾਰ੍ਹਵੀਂ ਕਲਾਸ ਤਕ ਦੀ ਪੜ੍ਹਾਈ ਮੁਫ਼ਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਸੁਖਪ੍ਰੀਤ ਕੌਰ ਵਾਂਗ ਖੇਡਾਂ ਵਿਚ ਅੱਗੇ ਆਉਣਾ ਚਾਹੀਦਾ ਹੈ।