ਮੋਗਾ 'ਚ ਸ਼ਾਰਟ ਸਰਕਟ ਕਾਰਨ ਘਰ 'ਚ ਲੱਗੀ ਭਿਆਨਕ ਅੱਗ, ਪਰਿਵਾਰ ਨੇ ਭੱਜ ਕੇ ਬਚਾਈ ਜਾਨ; 2 ਲੱਖ ਨਕਦੀ ਸਣੇ 20 ਲੱਖ ਦਾ ਸਾਮਾਨ ਸੜ ਕੇ ਸੁਆਹ
ਵਿਸ਼ਾਲ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਰਿਵਾਰ ਨੂੰ ਸਮਾਨ ਬਚਾਉਣ ਦਾ ਵੀ ਮੌਕਾ ਨਹੀਂ ਮਿਲਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
Publish Date: Sun, 17 May 2026 01:08 PM (IST)
Updated Date: Sun, 17 May 2026 01:13 PM (IST)
ਵਕੀਲ ਮਹਿਰੋਂ, ਮੋਗਾ : ਮੋਗਾ ਦੇ ਗਿੱਲ ਰੋਡ ਸਥਿਤ ਤਿੰਨ ਨੰਬਰ ਗਲੀ ਵਿੱਚ ਅੱਜ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਇੱਕ ਘਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਕਰੀਬ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘਰ ਦਾ ਜ਼ਿਆਦਾਤਰ ਸਮਾਨ ਸੜ ਕੇ ਸੁਆਹ ਹੋ ਗਿਆ।
ਘਰ ਵਿੱਚ ਰਹਿੰਦੇ ਵਿਸ਼ਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੁੱਤੇ ਹੋਏ ਸਨ ਕਿ ਅਚਾਨਕ ਧੂੰਏਂ ਅਤੇ ਸੜਨ ਦੀ ਤੇਜ਼ ਬਦਬੂ ਆਉਣ ਲੱਗੀ। ਜਦੋਂ ਉਹ ਬਾਹਰ ਨਿਕਲ ਕੇ ਵੇਖਣ ਲੱਗੇ ਤਾਂ ਘਰ ਅੰਦਰ ਅੱਗ ਦੀਆਂ ਉੱਚੀਆਂ ਲਪਟਾਂ ਚੜ੍ਹ ਰਹੀਆਂ ਸਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਉਸਨੇ ਤੁਰੰਤ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਜਗਾ ਕੇ ਸੁਰੱਖਿਅਤ ਤਰੀਕੇ ਨਾਲ ਘਰ ਤੋਂ ਬਾਹਰ ਕੱਢਿਆ।
ਵਿਸ਼ਾਲ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਰਿਵਾਰ ਨੂੰ ਸਮਾਨ ਬਚਾਉਣ ਦਾ ਵੀ ਮੌਕਾ ਨਹੀਂ ਮਿਲਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਅੱਗ ਕਾਰਨ ਘਰ ਵਿੱਚ ਰੱਖਿਆ ਕਰੀਬ 2 ਲੱਖ ਰੁਪਏ ਨਕਦ ਨਾਲ ਭਰਿਆ ਬੈਗ ਵੀ ਸੜ ਕੇ ਖਾਕ ਹੋ ਗਿਆ। ਵਿਸ਼ਾਲ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਏ.ਸੀ. ਦਾ ਕਾਰੋਬਾਰ ਕਰਦਾ ਹੈ। ਅੱਗ ਕਾਰਨ ਉਸਦਾ ਕਰੀਬ 20 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।
ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਾ ਹੋਣ ਕਾਰਨ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਪਰ ਘਰ ਦਾ ਸਾਰਾ ਸਮਾਨ ਸੜ ਜਾਣ ਕਾਰਨ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਇਲਾਕਾ ਵਾਸੀਆਂ ਵੱਲੋਂ ਵੀ ਪਰਿਵਾਰ ਦੀ ਮਦਦ ਲਈ ਅਪੀਲ ਕੀਤੀ ਜਾ ਰਹੀ ਹੈ।