ਬੇਸਹਾਰਾ ਪਸ਼ੂਆਂ ਦੀ ਲੜਾਈ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ: ਮੋਗਾ ਮੰਡੀ 'ਚ ਮਜ਼ਦੂਰ ਦੀ ਮੌਤ, 3 ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
ਮੋਗਾ ਦੀ ਸਬਜ਼ੀ ਮੰਡੀ ਵਿੱਚ ਵਾਪਰੀ ਇੱਕ ਬੇਹੱਦ ਦਰਦਨਾਕ ਘਟਨਾ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਸ਼ਹਿਰ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਖ਼ਤਰੇ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਸ਼ੂਆਂ ਦੀ ਆਪਸੀ ਲੜਾਈ ਦੌਰਾਨ ਹੋਈ ਟੱਕਰ ਕਾਰਨ ਇੱਕ ਗਰੀਬ ਮਜ਼ਦੂਰ ਦੀ ਜਾਨ ਚਲੀ ਗਈ, ਜਿਸ ਨਾਲ ਪਿੰਡ ਤਖਾਣਵੱਧ ਦੇ ਇੱਕ ਪਰਿਵਾਰ ਦਾ ਇਕਲੌਤਾ ਕਮਾਊ ਸਹਾਰਾ ਖਤਮ ਹੋ ਗਿਆ ਹੈ।
Publish Date: Wed, 29 Apr 2026 02:56 PM (IST)
Updated Date: Wed, 29 Apr 2026 02:58 PM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ - ਮੋਗਾ ਦੀ ਸਬਜ਼ੀ ਮੰਡੀ ਵਿੱਚ ਵਾਪਰੀ ਇੱਕ ਬੇਹੱਦ ਦਰਦਨਾਕ ਘਟਨਾ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਸ਼ਹਿਰ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਖ਼ਤਰੇ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਸ਼ੂਆਂ ਦੀ ਆਪਸੀ ਲੜਾਈ ਦੌਰਾਨ ਹੋਈ ਟੱਕਰ ਕਾਰਨ ਇੱਕ ਗਰੀਬ ਮਜ਼ਦੂਰ ਦੀ ਜਾਨ ਚਲੀ ਗਈ, ਜਿਸ ਨਾਲ ਪਿੰਡ ਤਖਾਣਵੱਧ ਦੇ ਇੱਕ ਪਰਿਵਾਰ ਦਾ ਇਕਲੌਤਾ ਕਮਾਊ ਸਹਾਰਾ ਖਤਮ ਹੋ ਗਿਆ ਹੈ।
ਮ੍ਰਿਤਕ ਦੀ ਪਛਾਣ 48 ਸਾਲਾ ਜਗਤਾਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਦਿਹਾੜੀ ਮਜ਼ਦੂਰੀ ਕਰਨ ਤੋਂ ਬਾਅਦ ਸ਼ਾਮ ਵੇਲੇ ਸਬਜ਼ੀ ਖਰੀਦਣ ਲਈ ਮੰਡੀ ਵਿੱਚ ਰੁਕਿਆ ਸੀ। ਇਸੇ ਦੌਰਾਨ ਉੱਥੇ ਮੌਜੂਦ ਬੇਸਹਾਰਾ ਪਸ਼ੂ ਆਪਸ ਵਿੱਚ ਭਿੜ ਗਏ। ਲੜਦੇ ਹੋਏ ਇੱਕ ਪਸ਼ੂ ਨੇ ਜਗਤਾਰ ਸਿੰਘ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਗੰਭੀਰ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ।
ਐਂਬੂਲੈਂਸ ਦੀ ਦੇਰੀ ਅਤੇ ਟ੍ਰੈਫਿਕ ਬਣਿਆ ਰੁਕਾਵਟ
ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਸੀ, ਪਰ ਕਾਫ਼ੀ ਦੇਰ ਤੱਕ ਕੋਈ ਮਦਦ ਨਹੀਂ ਪਹੁੰਚੀ। ਇਸ ਤੋਂ ਬਾਅਦ ਵਕੀਲ ਜੋਤ ਆਲੋਕ ਨਾਮਕ ਨੌਜਵਾਨ ਨੇ ਮਨੁੱਖਤਾ ਦਿਖਾਉਂਦਿਆਂ ਜਗਤਾਰ ਸਿੰਘ ਨੂੰ ਆਪਣੀ ਨਿੱਜੀ ਗੱਡੀ ਵਿੱਚ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ, ਸ਼ਹਿਰ ਵਿੱਚ ਭਾਰੀ ਟ੍ਰੈਫਿਕ ਹੋਣ ਕਾਰਨ ਹਸਪਤਾਲ ਪਹੁੰਚਣ ਵਿੱਚ ਦੇਰੀ ਹੋ ਗਈ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਗਤਾਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਮਾਸੂਮ ਬੱਚੇ (ਦੋ ਧੀਆਂ ਅਤੇ ਇੱਕ ਪੁੱਤਰ) ਛੱਡ ਗਿਆ ਹੈ। ਪਰਿਵਾਰ ਦੀ ਰੋਜ਼ੀ-ਰੋਟੀ ਦਾ ਪੂਰਾ ਦਾਰੋਮਦਾਰ ਉਸ ਦੀ ਮਿਹਨਤ 'ਤੇ ਸੀ। ਉਸ ਦੀ ਬੇਵਕਤੀ ਮੌਤ ਨੇ ਬੱਚਿਆਂ ਦੇ ਭਵਿੱਖ 'ਤੇ ਹਨੇਰਾ ਲਿਆ ਦਿੱਤਾ ਹੈ।
ਪ੍ਰਸ਼ਾਸਨ ਵਿਰੁੱਧ ਰੋਸ
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਸ਼ਹਿਰ ਨੂੰ ਪਸ਼ੂ-ਮੁਕਤ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ।