ਪਟਿਆਲਾ ਪੁਲਿਸ ਵੱਲੋਂ ਸ਼ੰਭੂ - ਅੰਬਾਲਾ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਸ਼ਹਿ ’ਤੇ ਚੱਲਣ ਵਾਲੇ ਅੱਤਵਾਦੀ ਮਡਿਊਲ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਟਿਆਲਾ ਪੁਲਿਸ ਵੱਲੋਂ ਸ਼ੰਭੂ - ਅੰਬਾਲਾ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਸ਼ਹਿ ’ਤੇ ਚੱਲਣ ਵਾਲੇ ਅੱਤਵਾਦੀ ਮਡਿਊਲ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ। ਪਰਦੀਪ ਸਿੰਘ ਖ਼ਾਲਸਾ ਵਾਸੀ ਮਾਨਸਾ ਅਤੇ ਕੁਲਵਿੰਦਰ ਸਿੰਘ ਬੱਗਾ ਪਿੰਡ ਬੱਪੀਆਣਾ ਜ਼ਿਲ੍ਹਾ ਮਾਨਸਾ ਦੇ ਦੱਸੇ ਗਏ ਹਨ ਪਰ ਮਾਨਸਾ ਪੁਲਿਸ ਕੋਈ ਵੀ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਹੀ ਹੈ।
ਉਕਤਾਂ ਦਾ ਪਿਛੋਕੜ ਅਪਰਾਧਕ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਮਾਨਸਾ ਜ਼ਿਲ੍ਹਾ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਨੇ ਕੁੱਝ ਲੋਕਾਂ ਨਾਲ ਮਿਲ ਕੇ ਆਈਏਐਸ ਦੀ ਸ਼ਹਿ ’ਤੇ ਸ਼ੰਭੂ ਅੰਬਾਲਾ ਰੇਲਵੇ ਮਾਰਗ ਨੂੰ ਬੰਬ ਧਮਾਕੇ ਨਾਲ ਨੁਕਸਾਨ ਪਹੁੰਚਾਇਆ ਹੈ। ਇਹ ਘਟਨਾ 27 ਅਪ੍ਰੈਲ ਦੀ ਰਾਤ ਦੀ ਦੱਸੀ ਜਾ ਰਹੀ ਹੈ। ਪਟਿਆਲਾ ਪੁਲਿਸ ਨੇ ਉਕਤ ਦੋ ਵਿਅਕਤੀਆਂ ਤੋਂ ਇਲਾਵਾ ਸਤਨਾਮ ਸਿੰਘ ਪੰਜਵੜ (ਤਰਨਤਾਰਨ) ਗੁਰਪ੍ਰੀਤ ਸਿੰਘ ਗੋਪੀ ਵਾਸੀ ਮੁਰਾਦਪੁਰ ਖੁਰਦ ਗੋਇੰਦਵਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਉਧਰ ਮਾਨਸਾ ਦੇ ਗ੍ਰਿਫ਼ਤਾਰ ਕੀਤੇ ਗਏ ਪਰਦੀਪ ਸਿੰਘ ਖ਼ਾਲਸਾ ਦੀ ਮਾਤਾ ਗੁਣਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਸਵੇਰ ਵੇਲੇ ਪੁਲਿਸ ਆਈ। ਪਰ ਉਹ ਕਿਵੇਂ ਅਤੇ ਕਿਉਂ ਆਈ? ਇਸ ਬਾਰੇ ਉਨ੍ਹਾਂ ਕੁੱਝ ਨਹੀਂ ਦੱਸਿਆ। ਉਸ ਸਮੇਂ ਸਵੇਰੇ ਪੁੱਤਰ ਪ੍ਰਦੀਪ ਸਿੰਘ ਖ਼ਾਲਸਾ ਘਰ ਹੀ ਸੀ। ਜੇਕਰ ਕੋਈ ਅਜਿਹੀ ਗੱਲਬਾਤ ਹੁੰਦੀ ਤਾਂ ਉਨ੍ਹਾਂ ਦਾ ਪੁੱਤਰ ਘਰ ਹੀ ਨਹੀਂ ਆਉਂਦਾ ਸੀ। ਪੁਲਿਸ ਨੇ ਸਿਰਫ਼ ਇਹ ਹੀ ਕਿਹਾ ਕਿ ਪੁੱਛਗਿਛ ਕਰਨੀ ਹੈ। ਪਰਦੀਪ ਬਾਰੇ ਦੱਸੋ। ਉਨ੍ਹਾਂ ਹਰ ਪਾਸੇ ਘਰ ਵਿੱਚ ਚੈਕਿੰਗ ਕੀਤੀ। ਮਾਤਾ ਗੁਣਜੀਤ ਕੌਰ ਨੇ ਦੱਸਿਆ ਕਿ ਬਾਥਰੂਮ ’ਚ ਉਸ ਦਾ ਪੁੱਤਰ ਪ੍ਰਦੀਪ ਸਿੰਘ ਖ਼ਾਲਸਾ ਨਹਾ ਰਿਹਾ ਸੀ। ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਉਸ ਨੂੰ ਸਿਰ ਵੀ ਵਾਹੁਣ ਨਹੀਂ ਦਿੱਤਾ। ਮੁਲਾਜ਼ਮਾਂ ਨੇ ਬਾਹਰ ਵੀ ਨਹੀਂ ਦੇਖਣ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਤਰਨਾ ਦਲ ਨਾਲ ਜੁੜਿਆ ਸੀ, ਪਰ ਹੁਣ ਨਹੀਂ ਸੀ। ਪੁਲਿਸ ਇਸ ਦੇ ਬਾਅਦ ਉਸ ਨੂੰ ਲੈ ਗਈ। ਸਾਹਮਣੇ ਘਰ ਵਾਲਿਆਂ ਦੇ ਕੈਮਰੇ ਵੀ ਲੱਗੇ ਸਨ ਅਤੇ ਉਹ ਕੈਮਰੇ ਵੀ ਲੈ ਗਈ।
ਉਧਰ ਦੂਜਾ ਨੌਜਵਾਨ ਕੁਲਵਿੰਦਰ ਸਿੰਘ ਬੱਪੀਆਣਾ ਦਾ ਹੈ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਸ਼ੰਭੂ ਰੇਲਵੇ ਟ੍ਰੈਕ ਦਾ ਮਾਸਟਰ ਮਾਈਂਡ ਉਨ੍ਹਾਂ ਦੇ ਪਿੰਡ ਨੌਜਵਾਨ ਹੋਣ ਦੇ ਸਬੰਧ ‘ਚ ਭਰੋਸਾ ਨਹੀਂ ਆ ਰਿਹਾ।
ਮਾਨਸਾ ਪੁਲਿਸ ਕੁੱਝ ਵੀ ਦੱਸ ਨਹੀਂ ਰਹੀ। ਉਨ੍ਹਾਂ ਨੇ ਪੁੱਛਣ ’ਤੇ ਸਿਰਫ਼ ਇਹੀ ਦੱਸਿਆ ਹੈ ਕਿ ਇਹ ਪਟਿਆਲਾ ਪੁਲਿਸ ਦੀ ਕਾਰਵਾਈ ਹੈ। ਮਾਨਸਾ ਪੁਲਿਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਇਸ ’ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਇੱਕ ਮਾਮਲੇ ਵਿੱਚ ਚਾਰ ਵਿਅਕਤੀਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਪਟਿਆਲਾ ਪੁਲਿਸ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ, ਪਰ ਮਾਨਸਾ ਪੁਲਿਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।