ਪੰਜਾਬ 'ਚ ਸਨਸਨੀਖੇਜ਼ ਵਾਰਦਾਤ ! ਸਾਬਕਾ ਮਹਿਲਾ ਸਰਪੰਚ ਦੀ ਗੋਲ਼ੀ ਮਾਰ ਕੇ ਹੱਤਿਆ; ਪਤੀ ਬਾਈਕ 'ਤੇ ਛੱਡ ਕੇ ਵਾਪਸ ਮੁੜਿਆ ਸੀ
Charanjit Kaur ਪਿੰਡ ਦੀ ਸਾਬਕਾ ਸਰਪੰਚ ਰਹਿ ਚੁੱਕੀ ਸੀ ਅਤੇ ਉਸ ਦਾ ਪਰਿਵਾਰ ਪਹਿਲਾਂ ਵੀ ਗੰਭੀਰ ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਦਾ ਕਤਲ ਹੋ ਚੁੱਕਾ ਹੈ, ਜਿਸ ਕਾਰਨ ਇਸ ਵਾਰਦਾਤ ਨੂੰ ਪੁਰਾਣੀ ਰੰਜਿਸ਼ ਜਾਂ ਆਪਸੀ ਦੁਸ਼ਮਣੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Publish Date: Sat, 24 Jan 2026 04:22 PM (IST)
Updated Date: Sat, 24 Jan 2026 04:29 PM (IST)
ਜਾਗਰਣ ਸੰਵਾਦਦਾਤਾ, ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਕਲਾਂ 'ਚ ਸ਼ਨਿਚਰਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਚਰਨਜੀਤ ਕੌਰ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਚਰਨਜੀਤ ਕੌਰ ਆਪਣੇ ਪਤੀ ਨਾਲ ਬਾਈਕ 'ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਰਸਤੇ 'ਚ ਮਹਿਲਾ ਸਰਪੰਚ ਬਾਈਕ ਤੋਂ ਉਤਰੀ ਅਤੇ ਉਸ ਦਾ ਪਤੀ ਉਸ ਨੂੰ ਛੱਡ ਕੇ ਕੁਝ ਦੂਰੀ ਤੋਂ ਵਾਪਸ ਮੁੜ ਗਿਆ। ਇਸੇ ਦੌਰਾਨ ਪਿੱਛਿਓਂ ਆਏ ਹਮਲਾਵਰਾਂ ਨੇ ਚਰਨਜੀਤ ਕੌਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿਚ ਦਹਿਸ਼ਤ ਅਤੇ ਸੋਗ ਦੀ ਲਹਿਰ ਦੌੜ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਵੀ ਪਰਿਵਾਰ ਦੇ ਇਕ ਮੈਂਬਰ 'ਤੇ ਹੋ ਚੁੱਕੈ ਹਮਲਾ
ਜਾਣਕਾਰੀ ਅਨੁਸਾਰ, ਮ੍ਰਿਤਕ ਚਰਨਜੀਤ ਕੌਰ ਪਿੰਡ ਦੀ ਸਾਬਕਾ ਸਰਪੰਚ ਰਹਿ ਚੁੱਕੀ ਸੀ ਅਤੇ ਉਸ ਦਾ ਪਰਿਵਾਰ ਪਹਿਲਾਂ ਵੀ ਗੰਭੀਰ ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਦਾ ਕਤਲ ਹੋ ਚੁੱਕਾ ਹੈ, ਜਿਸ ਕਾਰਨ ਇਸ ਵਾਰਦਾਤ ਨੂੰ ਪੁਰਾਣੀ ਰੰਜਿਸ਼ ਜਾਂ ਆਪਸੀ ਦੁਸ਼ਮਣੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।