ਪੱਤਰ ਪ੍ਰਰੇਰਕ, ਮਾਨਸਾ : ਐੱਸਡੀਐੱਮ ਮਾਨਸਾ ਸਰਬਜੀਤ ਕੌਰ ਵੱਲੋਂ ਉਪ ਮੰਡਲ ਮਾਨਸਾ ਅਧੀਨ ਆਉਂਦੇ ਵਿਭਾਗਾਂ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਕੱਤਰ ਮਾਰਕਿਟ ਕਮੇਟੀ, ਜ਼ਿਲ੍ਹਾ ਮੰਡੀ ਅਫ਼ਸਰ, ਐੱਸਡੀਓ ਸਿਵਲ ਵਿੰਗ, ਐੱਸਡੀਓ ਪਬਲਿਕ ਹੈਲਥ, ਬਿਜਲੀ ਵਿਭਾਗ, ਬੀਐਂਡਆਰ ਦੀਆਂ ਵੱਖ-ਵੱਖ ਮੱਦਾਂ ਸਬੰਧੀ ਮੀਟਿੰਗ ਕੀਤੀ ਗਈ ਗਈ। ਮੀਟਿੰਗ ਦੌਰਾਨ ਐੱਸਡੀਐੱਮ ਸਰਬਜੀਤ ਕੌਰ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਉਨ੍ਹਾਂ ਵੱਲੋਂ ਲੰਬਿਤ ਪੱਤਰਾਂ, ਉਨ੍ਹਾਂ ਦੀਆਂ ਅਦਾਲਤਾਂ ਵਿਚ ਚੱਲ ਰਹੇ ਅਦਾਲਤੀ ਕੇਸਾਂ, ਵੱਖ-ਵੱਖ ਮੱਦਾਂ ਦੀ ਵਸੂਲੀ, ਤਹਿਸੀਲ ਕੰਪਲੈਕਸ ਵਿੱਚ ਰੱਖੇ ਨਾਜਾਇਜ਼ ਖੋਖਿਆਂ, ਜਮਾਬੰਦੀਆਂ, ਇੰਤਕਾਲਾਂ, ਨਿਸ਼ਾਨਦੇਹੀਆਂ ਦੀਆਂ ਲੰਬਿਤ ਦਰਖ਼ਾਸਤਾਂ ਸਬੰਧੀ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਸਮੂਹ ਸੀਆਰਓਜ਼ ਨੂੰ ਉਕਤ ਮੱਦਾਂ ਸਬੰਧੀ ਨਿੱਜੀ ਧਿਆਨ ਦੇ ਕੇ ਅਗਲੇ ਮਹੀਨੇ ਹੋਣ ਵਾਲੀ ਮਾਹਵਾਰੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਕਾਰਵਾਈ ਕਰਕੇ ਪ੍ਰਗਤੀ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ।

ਇਸ ਤੋਂ ਇਲਾਵਾ ਐੱਸਡੀਐੱਮ ਮਾਨਸਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਵਿੱਤੀ ਸਾਲ ਦੇ ਅੰਦਰ-ਅੰਦਰ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ, ਤਾਂ ਜੋ ਸਰਕਾਰ ਵੱਲੋਂ ਪ੍ਰਰਾਪਤ ਹੋਏ ਫੰਡਾਂ ਦੀ ਸਮੇਂ ਸਿਰ ਵਰਤੋਂ ਹੋ ਸਕੇ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਆਮ ਜਨਤਾ ਨਾਲ ਸਬੰਧਿਤ ਮਸਲਿਆਂ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।