ਨਗਰ ਪੰਚਾਇਤ ਦੇ ਕੱਚੇ ਮੁਲਾਜ਼ਮਾਂ ਨੇ ਕੱਢਿਆ ਰੋਸ ਮਾਰਚ
ਸਰਦੂਲਗੜ੍ਹ ਨਗਰ ਪੰਚਾਇਤ ਵਿੱਚ ਕੰਮ ਕਰਦੇ ਆਊਟਸੋਰਸ
Publish Date: Wed, 13 May 2026 06:12 PM (IST)
Updated Date: Thu, 14 May 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਨਗਰ ਪੰਚਾਇਤ ਵਿੱਚ ਕੰਮ ਕਰਦੇ ਆਊਟਸੋਰਸ ਅਤੇ ਕੱਚੇ ਮੁਲਾਜ਼ਮ ਜਿਹਨਾਂ ਵਿੱਚ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸੇਵਾਦਾਰ, ਇਲੈਕਟਰੀਸ਼ੀਅਨ, ਪੰਪ ਆਪਰੇਟਰ, ਕੰਪਿਊਟਰ ਆਪਰੇਟਰ, ਕਲਰਕ, ਡਰਾਈਵਰ ਅਤੇ ਫਾਇਰ ਬ੍ਰਿਗੇਡ ਮੁਲਾਜ਼ਮ ਸ਼ਾਮਿਲ ਹਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕੰਮ ਛੱਡ ਕੇ ਹੜ੍ਹਤਾਲ ਉੱਪਰ ਬੈਠੇ ਹਨ, ਇਹਨਾਂ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਨੂੰ ਜਲਦੀ ਪੂਰੀਆਂ ਕਰਨ ਦੀ ਗੱਲ ਰੱਖੀ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਸਾਗਰ ਕੁਮਾਰ ਅਤੇ ਪੰਜਾਬ ਮਿਉਂਸੀਪਲ ਆਊਟ ਸੋਰਸ ਇੰਪਲਾਈ ਯੂਨੀਅਨ ਪੰਜਾਬ ਦੇ ਸਲਾਹਕਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਆਉਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ 1/1/ 2024 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮੁਲਾਜ਼ਮਾਂ ਨੂੰ ਪੀਐੱਫ ਵਿੱਚੋਂ ਵਾਪਸੀ ਯੋਗ ਕਰਜ ਲੈਣ ਦੀ ਪ੍ਰਵਾਨਗੀ ਦਿੱਤੀ ਜਾਵੇ ਸਮੇਂ ਸਿਰ ਤਨਖਾਹਾਂ ਦੇਣ ਲਈ ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ । ਸਫਾਈ ਸੇਵਕਾਂ ਦੀ ਭਰਤੀ ਵਿੱਚ ਸਫਾਈ ਸੇਵਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ 75ਫ਼ੀਸਦੀ ਰਾਖਵਾਂ ਕਰਨ ਦਿੱਤਾ ਜਾਵੇ। ਮੁਲਾਜ਼ਮਾਂ ਦਾ ਸਲਾਨਾ ਐਕਸੀਡੈਂਟਲ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਤੇ ਬੀਮੇ ਦੀ ਰਾਸ਼ੀ 20 ਲੱਖ ਕੀਤੀ ਜਾਵੇ। ਸਫ਼ਾਈ ਸੇਵਕ ਤੇ ਸੀਵਰਮੈਨਾਂ ਨੂੰ ਮਿਲਦੀ ਗਰਮ ਤੇ ਠੰਡੀ ਵਰਦੀ ਕੱਪੜੇ ਦੀ ਸਿਲਾਈ ਜਰਸੀ ਬੂਟ ਅਤੇ ਚੱਪਲਾਂ ਆਦਿ ਦੇ ਰੇਟਾਂ ਵਿੱਚ ਚਾਰ ਗੁਣਾ ਵਾਧਾ ਕੀਤਾ ਜਾਵੇ। ਸਫਾਈ ਮੇਟਾਂ ਨੂੰ ਦੋ ਪਈਆ ਵਾਹਣਾਂ ਲਈ ਤੇਲ ਭੱਤਾ ਅਤੇ ਸਪੈਸ਼ਲ ਇਨਕਰੀਮੈਂਟ ਦਿੱਤਾ ਜਾਵੇ ਮੁਲਾਜ਼ਮਾਂ ਨੂੰ ਸਮੇਂ ਮੁਤਾਬਿਕ ਤਰੱਕੀ ਦਿੱਤੀ ਜਾਵੇ। ਉਪਰੋਕਤ ਸਾਰੀਆਂ ਮੰਗਾਂ ਨੂੰ ਸਰਕਾਰ ਜਲਦੀ ਪ੍ਰਵਾਨ ਕਰੇ ਤਾਂ ਜੋ ਆਊਟਸੋਰਸ ਅਤੇ ਕੱਚੇ ਮੁਲਾਜ਼ਮ ਆਪਣੇ ਕੰਮਾਂ ਤੇ ਵਾਪਸ ਪਰਤ ਸਕਣ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਦਿਆ ਰਾਮ, ਸਤਪਾਲ, ਬਲਕਾਰ ਸਿੰਘ, ਅਨਿਲ ਕੁਮਾਰ, ਰਮਨਦੀਪ ਸਿੰਘ, ਗੋਗੀ, ਭਿੰਦਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਹਾਜ਼ਰ ਸਨ।