ਪੰਜਾਬ 'ਚ ਮੌਸਮ ਨੇ ਮੁੜ ਲਈ ਕਰਵਟ ! ਮਾਨਸਾ 'ਚ ਮੀਂਹ ਦੇ ਨਾਲ ਪਏ ਗੜੇ, ਇਕ ਵਾਰ ਫਿਰ ਵਧੀ ਠੰਢ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਦੱਸਿਆ ਕਿ ਇਹ ਮੀਂਹ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਹੁੰਦਾ ਹੈ ਤੇ ਫਸਲਾਂ ਦੇ ਵਾਧੇ 'ਚ ਮਦਦ ਕਰਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਜ਼ਿਆਦਾ ਗੜੇ ਪੈਂਦੇ ਹਨ ਤਾਂ ਉਹ ਫਸਲਾਂ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦੇ ਹਨ।
Publish Date: Tue, 27 Jan 2026 09:24 AM (IST)
Updated Date: Tue, 27 Jan 2026 09:38 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮੰਗਲਵਾਰ ਸਵੇਰੇ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਜਿਸ ਕਾਰਨ ਤਾਪਮਾਨ 'ਚ ਇਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਮਾਨਸਾ 'ਚ ਗੜਿਆਂ ਨਾਲ ਹੋਈ ਵਰਖਾ ਕਾਰਨ ਇਕ ਵਾਰ ਫਿਰ ਠੰਢ 'ਚ ਵਾਧਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਤੋਂ ਇਕ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਵੀ ਠੰਢ ਵਧ ਗਈ ਸੀ, ਪਰ ਬਾਅਦ 'ਚ ਨਿਕਲੀ ਧੁੱਪ ਨਾਲ ਮੌਸਮ ਕੁਝ ਹੱਦ ਤਕ ਸਧਾਰਨ ਹੋਣ ਲੱਗ ਪਿਆ ਸੀ।
ਸੋਮਵਾਰ ਸ਼ਾਮ ਨੂੰ ਅਚਾਨਕ ਬੱਦਲ ਛਾ ਜਾਣ ਮਗਰੋਂ ਮੰਗਲਵਾਰ ਸਵੇਰੇ ਅਚਾਨਕ ਗੜੇ ਪੈਣੇ ਸ਼ੁਰੂ ਹੋ ਗਏ ਜਿਸ ਨਾਲ ਠੰਢ ਵਿਚ ਫਿਰ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਦੱਸਿਆ ਕਿ ਇਹ ਮੀਂਹ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਹੁੰਦਾ ਹੈ ਤੇ ਫਸਲਾਂ ਦੇ ਵਾਧੇ 'ਚ ਮਦਦ ਕਰਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਜ਼ਿਆਦਾ ਗੜੇ ਪੈਂਦੇ ਹਨ ਤਾਂ ਉਹ ਫਸਲਾਂ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਛੇੜਛਾੜ ਕਰਨਾ ਗਲਤ ਹੈ, ਜਿਸ ਦਾ ਨਤੀਜਾ ਹੈ ਕਿ ਹੁਣ ਹਿਮਾਚਲ ਪ੍ਰਦੇਸ਼ ਵਰਗੇ ਇਲਾਕਿਆਂ ਦੇ ਨਾਲ-ਨਾਲ ਪੰਜਾਬ 'ਚ ਵੀ ਗੜੇ ਅਤੇ ਆਸਾਧਾਰਨ ਮੌਸਮੀ ਹਾਲਾਤ ਬਣ ਰਹੇ ਹਨ।
ਇਸ ਮੌਕੇ ਇਨਵਾਇਰਮੈਂਟ ਸੁਸਾਇਟੀ ਦੇ ਕਨਵੀਨਰ ਅਸ਼ੋਕ ਨੇ ਕਿਹਾ ਕਿ ਅਚਾਨਕ ਗੜਿਆਂ ਦਾ ਪੈਣਾ ਅਜੋਕੇ ਵਿਕਾਸ ਦੀ ਦੇਣ ਹੈ। ਲਗਾਤਾਰ ਦਰੱਖ਼ਤਾਂ ਦੀ ਕਟਾਈ ਹੋ ਰਹੀ ਹੈ, ਜਿਸ ਕਾਰਨ ਮੌਸਮ ਵਿੱਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਬਾਰਿਸ਼ ਸਿਰਫ਼ ਮਾਨਸਾ 'ਚ ਹੀ ਨਹੀਂ ਬਲਕਿ ਸੂਬੇ ਦੇ ਕਈ ਹੋਰ ਜ਼ਿਲ੍ਹਿਆਂ 'ਚ ਵੀ ਹੋਈ ਹੈ। ਲਗਪਗ ਪੂਰੇ ਪੰਜਾਬ 'ਚ 26 ਜਨਵਰੀ ਨੂੰ ਬੱਦਲਵਾਈ ਰਹੀ ਜਿਸ ਤੋਂ ਬਾਅਦ ਅੱਜ ਸਵੇਰੇ ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ।