ਹਨੇਰੀ ਨਾਲ ਪਸ਼ੂਆਂ ਦੇ ਸ਼ੈੱਡ, ਪਾਣੀ ਦੀਆਂ ਟੈਂਕੀਆਂ ਤੇ ਕੰਧਾਂ ਦਾ ਹੋਇਆ ਨੁਕਸਾਨ
ਹਲਕਾ ਸਰਦੂਲਗੜ੍ਹ ਦੇ ਪਿੰਡ
Publish Date: Tue, 05 May 2026 07:12 PM (IST)
Updated Date: Wed, 06 May 2026 04:12 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹਲਕਾ ਸਰਦੂਲਗੜ੍ਹ ਦੇ ਪਿੰਡ ਹੀਰਕੇ ’ਚ ਰਾਤ ਅਚਾਨਕ ਸਾਢੇ 11 ਵਜੇ ਦੇ ਕਰੀਬ ਭਿਆਨਕ ਹਨੇਰ, ਝੱਖੜ ਉੱਠਿਆ, ਜਿਸ ਨੇ ਭਿਆਨਕ ਵਾਵਰੋਲੇ ਦਾ ਰੂਪ ਲੈ ਕੇ ਦੋ ਦਰਜਨ ਘਰਾਂ ਦੇ ਪਸ਼ੂ ਸ਼ੈੱਡ, ਪਾਣੀ ਵਾਲੀਆਂ ਟੈਂਕੀਆਂ ਅਤੇ ਘਰਾਂ ਦੀਆਂ ਚਾਰਦੀਵਾਰੀ ਦੀਆਂ ਕੰਧਾਂ ਦਾ ਨੁਕਸਾਨ ਕਰ ਦਿੱਤਾ। ਇਹ ਸ਼ੈੱਡਾਂ ਦੀਆਂ ਚਾਦਰਾਂ ਕਾਫ਼ੀ ਦੂਰ ਡਿੱਗੀਆਂ ਮਿਲੀਆਂ ਜਾਂ ਫ਼ਿਰ ਪੂਰੀ ਤਰ੍ਹਾਂ ਟੁੱਟੀਆਂ ਮਿਲੀਆਂ। ਪਿੰਡ ਦੇ ਲੋਕਾਂ ਨੇ ਕਿਹਾ ਕਿ ਰਾਤ ਦਾ ਇਹ ਝੱਖੜ ਉਨ੍ਹਾਂ ਦੇ ਪਿੰਡ ਦਾ ਕਾਫ਼ੀ ਨੁਕਸਾਨ ਕਰ ਗਿਆ ਹੈ ਤੇ ਲੋਕਾਂ ਨੇ ਰਾਤ ਨੂੰ ਸਹਿਮੇ ਹੋਏ ਰਾਤ ਕੱਟੀ। ਇਸ ਦੌਰਾਨ ਕੁੱਝ ਸਮਾਂ ਬਿਜਲੀ ਦਾ ਕੱਟ ਵੀ ਲੱਗਿਆ ਰਿਹਾ। ਜਿਨ੍ਹਾਂ ਘਰਾਂ ਦੇ ਸ਼ੈਡਾਂ ਹੇਠ ਪਸ਼ੂ ਬੰਨ੍ਹੇ ਹੋਏ ਸਨ। ਉਨ੍ਹਾਂ ਦੇ ਪਸ਼ੂਆਂ ਦੇ ਸ਼ੈੱਡ ਉੱਡ ਜਾਣ ਕਾਰਨ ਕਿਸਾਨ ਧੁੱਪੇ ਬੰਨ੍ਹਣ ਲਈ ਮਜ਼ਬੂਰ ਹੋ ਗਏ। ਸਾਬਕਾ ਸਰਪੰਚ ਸਵ. ਜੀਤਾ ਸਿੰਘ ਦੇ ਪੁੱਤਰ ਭਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਪਸ਼ੂਆਂ ਅਤੇ ਤੂੜੀ ਵਾਲਾ ਸ਼ੈੱਡ ਅਤੇ ਘਰ ਦੀ ਕੰਧ ਬਣਾਏ ਨੂੰ ਅਜੇ ਸਾਲ ਹੀ ਹੋਇਆ ਸੀ, ਪਰ ਇਸ ਨੁਕਸਾਨ ਨੇ ਫ਼ਿਰ ਉਨ੍ਹਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਦਿੱਤਾ ਹੈ। ਇਸ ਦੇ ਇਲਾਵਾ ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ ਅਰੋੜਾ, ਗੇਜਾ ਸਿੰਘ ਮੈਬਰ, ਤੇਜਾ ਸਿੰਘ ਸੇਵਾਦਾਰ, ਸਤਪਾਲ ਸਿੰਘ, ਗੁਰਬਾਜ ਸਿੰਘ, ਸੁਵਿੰਦਰ ਸਿੰਘ ਬਿੱਕਰ ਸਿੰਘ, ਸੰਦੀਪ ਸਿੰਘ, ਮਾਸਟਰ ਤਾਰਾ ਸਿੰਘ, ਬਲਦੇਵ ਸ਼ਰਮਾ ਆਟਾ ਚਕੀ ਵਾਲੇ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਰਾਤ ਅਚਾਨਕ ਝੱਖੜ ਨੇ ਕਾਫ਼ੀ ਨੁਕਸਾਨ ਕੀਤਾ ਹੈ। ਇਸ ਦੇ ਕਾਰਨ ਕਈਆਂ ਦੇ ਸ਼ੈੱਡ ਉੱਡ ਕੇ ਟੁੱਟ ਗਏ ਹਨ ਅਤੇ ਕਈਆਂ ਦੀਆਂ ਕੰਧਾਂ ਡਿੱਗ ਪਈਆਂ ਹਨ। ਇਨ੍ਹਾਂ ਸਾਰੇ ਵਿਅਕਤੀਆਂ ਦੀ ਪ੍ਰਸ਼ਾਸਨ ਵੱਲੋਂ ਇਹ ਨੁਕਸਾਨ ਦਾ ਜਾਇਜ਼ਾ ਲੈ ਕੇ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।