ਕਾਗਜ਼ ਭਰਨ ਆਏ ਉਮੀਦਵਾਰ ਤੇ ਹਮਾਇਤੀ ਹਵਾ ਤੇ ਪਾਣੀ ਨੂੰ ਤਰਸੇ
ਮਾਨਸਾ ਦੀਆਂ ਕਚਹਿਰੀਆਂ ਵਿੱਚ ਨਗਰ
Publish Date: Sat, 16 May 2026 07:36 PM (IST)
Updated Date: Sun, 17 May 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਮੀਦਵਾਰ ਸ਼ਨਿੱਚਰਵਾਰ ਨੂੰ ਕਾਗਜ਼ ਦਾਖਲ ਕਰਵਾਉਣ ਦੇ ਆਖਰੀ ਦਿਨ ਉਮੀਦਵਾਰ ਅਤੇ ਸਮੱਰਥਕਾਂ ਦਾ ਜਮਾਵੜਾ ਦਫ਼ਤਰ ’ਚ ਲੱਗਿਆ, ਪਰ ਕਾਗਜ਼ ਭਰਨ ਆਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਦੇ ਖੜ੍ਹਨ ਵਾਲੀ ਜਗ੍ਹਾ ਤੇ ਨਾ ਪੱਖਾ ਚੱਲਿਆ ਅਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਹੋਣ ਕਾਰਨ ਨਿਰਾਸ਼ ਹੋਣਾ ਪਿਆ। ਇਸ ਦੇ ਕਾਰਨ ਪ੍ਰਸ਼ਾਸਨ ਨੂੰ ਕੋਸਦੇ ਹੋਏ ਉਹ ਨਜ਼ਰ ਆਏ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਲੋਕਾਂ ਨੂੰ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਵਿੱਚ ਖੜ੍ਹਾ ਰਹਿਣਾ ਪੈ ਰਿਹਾ ਸੀ। ਹਾਲਾਂਕਿ ਉੱਥੇ ਪੱਖਾ ਤਾਂ ਲੱਗਿਆ ਹੋਇਆ ਸੀ, ਪਰ ਉਹ ਚੱਲ ਨਹੀਂ ਰਿਹਾ ਸੀ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦਾ ਵੀ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ। ਤਪਦੀ ਗਰਮੀ ਵਿੱਚ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਇਸ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋਏ। ਉਮੀਦਵਾਰਾਂ ਤੇ ਹਮਾਇਤੀਆਂ ਦਾ ਕਹਿਣਾ ਸੀ ਕਿ ਗਰਮੀ ਦਿਨੋ ਦਿਨ ਵੱਧ ਰਹੀ ਹੈ, ਪਰ ਕਚਹਿਰੀ ਕੰਪਲੈਕਸ ਵਿੱਚ ਨਾ ਠੰਢੇ ਪਾਣੀ ਦੀ ਸਹੂਲਤ ਹੈ ਅਤੇ ਨਾ ਹੀ ਚੱਲਦੇ ਪੱਖਿਆਂ ਦਾ ਪ੍ਰਬੰਧ। ਲੋਕ ਆਪਣੇ ਨਾਲ ਕੈਂਪਰਾਂ ਵਿੱਚ ਪਾਣੀ ਲਿਆਉਣ ਲਈ ਮਜ਼ਬੂਰ ਹਨ ਅਤੇ ਉੱਥੇ ਹੀ ਖੜ੍ਹੇ-ਖੜ੍ਹੇ ਪਾਣੀ ਪੀ ਰਹੇ ਹਨ। ਕਈਆਂ ਦੀ ਇਸ ਗਰਮੀ ‘ਚ ਹਾਲਤ ਖਰਾਬ ਹੋਈ ਦਿਖੀ। ਉਨ੍ਹਾਂ ਦਾ ਆਖਣਾ ਸੀ ਕਿ ਉਨ੍ਹਾਂ ਚੱਕਰ ਆ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੱਖੇ, ਪਾਣੀ ਅਤੇ ਬੈਠਣ ਦੀ ਢੰਗ ਨਾਲ ਵਿਵਸਥਾ ਕੀਤੀ ਜਾਣੀ ਚਾਹੀਦੀ ਸੀ ਤਾਂ ਜੋ ਗਰਮੀ ਵਿੱਚ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪੈਂਦਾ।