Mansa News : ਬੱਛੋਆਣਾ ਦੇ ਕਿਸਾਨ ਦੀ 3 ਏਕੜ ਕਰੀਬ ਕਣਕ ਸੜ ਕੇ ਸਵਾਹ, ਪਹਿਲਾਂ ਵੀ ਕੁਦਰਤੀ ਮਾਰ ਝੱਲ ਰਿਹਾ ਸੀ ਕਿਸਾਨ
ਅੱਜ ਨੇੜਲੇ ਪਿੰਡ ਬੱਛੋਆਣਾ ਦੇ ਇੱਕ ਕਿਸਾਨ ਦੇ ਖੇਤ 'ਚ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ 3 ਏਕੜ ਦੇ ਕਰੀਬ ਕਣਕ ਅਤੇ 3 ਏਕੜ ਨਾੜ ਸੜ ਕੇ ਸਵਾਹ ਹੋ ਗਈ।
Publish Date: Mon, 20 Apr 2026 06:07 PM (IST)
Updated Date: Mon, 20 Apr 2026 06:11 PM (IST)
ਚਤਰ ਸਿੰਘ, ਬੁਢਲਾਡਾ : ਅੱਜ ਨੇੜਲੇ ਪਿੰਡ ਬੱਛੋਆਣਾ ਦੇ ਇੱਕ ਕਿਸਾਨ ਦੇ ਖੇਤ 'ਚ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ 3 ਏਕੜ ਦੇ ਕਰੀਬ ਕਣਕ ਅਤੇ 3 ਏਕੜ ਨਾੜ ਸੜ ਕੇ ਸਵਾਹ ਹੋ ਗਈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਨੰਬਰਦਾਰ ਬਲਵਿੰਦਰ ਸਿੰਘ ਅਤੇ ਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਕਿਸਾਨ ਮੱਖਣ ਸਿੰਘ ਦੇ ਖੇਤ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਉਸਦੀ 3 ਏਕੜ ਦੇ ਕਰੀਬ ਕਣਕ ਅਤੇ 3 ਏਕੜ ਦੇ ਕਰੀਬ ਨਾੜ ਅੱਗ ਦੀ ਭੇਂਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਮੱਖਣ ਦਾਸ ਨੂੰ ਪਹਿਲਾ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਪਹਿਲਾਂ ਉਸਦੀਆਂ ਦੁਕਾਨਾਂ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਦੀ ਮਾਰ ਝੱਲਣੀ ਪਈ ਸੀ ਤੇ ਹੁਣ ਫਿਰ ਅੱਗ ਨੇ ਉਸਦੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੱਤਾ।
ਮੱਖਣ ਦਾਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸਨੇ ਕਰੀਬ 6 ਕਿੱਲੇ ਜ਼ਮੀਨ 85 ਹਜ਼ਾਰ ਰੁਪਏ ਠੇਕੇ ‘ਤੇ ਲੈ ਕੇ ਆਪਣੇ ਪਰਿਵਾਰ ਦੀ ਰੋਟੀ ਲਈ ਮਿਹਨਤ ਕੀਤੀ ਸੀ ਪਰ ਇੱਕ ਸ਼ਾਰਟ ਸਰਕਟ ਨੇ ਕੁਝ ਹੀ ਮਿੰਟਾਂ ਵਿੱਚ ਉਸਦੀ ਸਾਰੀ ਮਿਹਨਤ ਰਾਖ ਕਰ ਦਿੱਤੀ। ਉਸਨੂੰ ਆਸ ਸੀ ਕਿ ਉਹ ਇਸ ਫਸਲ ਦੇ ਪੈਸੇ ਆਉਣ 'ਤੇ ਆਪਣੇ ਘਰ ਦਾ ਮਾਹੌਲ ਠੀਕ ਕਰ ਲਵੇਗਾ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਮੇਜਰ ਸਿੰਘ, ਮਨਜੀਤ ਸਿੰਘ ਪੋਪੀ, ਗੁਰਪਿਆਰ ਸਿੰਘ, ਬਲਦੇਵ ਦਾਸ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਪੀੜ੍ਹਤ ਕਿਸਾਨ ਨੂੰ ਤੁਰੰਤ ਮੁਆਵਜ਼ਾ ਦੇ ਕੇ ਸਹਾਇਤਾ ਕੀਤੀ ਜਾਵੇ।