ਦੁਨੀਆ ਭਰ ਵਿੱਚ ਦੇਸ਼ ਦੁਨੀਆ ਭਰ ਵਿੱਚ ਦੇਸ਼

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦੁਨੀਆ ਭਰ ਵਿਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਪੰਜਾਬ ਨਾਲ ਸਬੰਧਤ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਤਿੰਨ ਕੌਮਾਂਤਰੀ ਖਿਡਾਰੀਆਂ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇੰਨ੍ਹਾਂ ਵਿੱਚ ਅੰਤਰਰਾਸ਼ਟਰੀ ਰੋਇੰਗ ਖਿਡਾਰੀ ਸੁਖਮੀਤ ਸਿੰਘ ਪੁੱਤਰ ਅਮਰੀਕ ਵਾਸੀ ਕਿਸ਼ਨਗੜ੍ਹ ਫਰਵਾਹੀਂ ਮਾਨਸਾ, ਕੌਮਾਂਤਰੀ ਕੁਸ਼ਤੀ ਖਿਡਾਰੀ ਸੰਦੀਪ ਸਿੰਘ ਮਾਨ ਪੁੱਤਰ ਸਾਗਰ ਬੁਰਜ ਰਾਠੀ ਮਾਨਸਾ ਤੇ ਸ਼ੂਟਿੰਗ ਦੇ ਕੌਮਾਂਤਰੀ ਖਿਡਾਰੀ ਵਿਜੈਵੀਰ ਸਿੱਧੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੋਰਟ ਰੋਡ ਮਾਨਸਾ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਨਾਲ ਮਾਨਸਾ ਦੇ ਲੋਕਾਂ ’ਚ ਖੁ਼ਸ਼ੀ ਦੀ ਲਹਿਰ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨ੍ਹੀਂ ਕਿਰਗਿਜ਼ਸਤਾਨ ਵਿੱਚ 23ਵੀਆਂ ਸੀਨੀਅਰ ਏਸ਼ੀਅਨ ਖੇਡਾਂ ਵਿਚ 72 ਕਿੱਲੋ ਭਾਰ ਮੁਕਾਬਲੇ ’ਚ ਚਾਂਦੀ ਦਾ ਤਗਮਾ ਸੰਦੀਪ ਸਿੰਘ ਮਾਨੇ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਵਿੱਚ 5 ਲੱਖ ਰੁਪਏ , ਬਲੇਜ਼ਰ, ਟ੍ਰਾਫ਼ੀ ਤੇ ਸਕਰੋਲ ਦਿੱਤਾ ਹੈ। ਵਿਜੈਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਡਾਂ ਵੱਲ ਹਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਐਵਾਰਡ ਦੇ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸ਼ੂਟਿੰਗ ਰੇਂਜ ਹੋਰ ਬਣਾਈਆਂ ਜਾਣ ਤਾਂ ਹੋਰ ਵੀ ਨੌਜਵਾਨ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਰੋਇੰਗ ਖਿਡਾਰੀ ਸੁਖਮੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀਂ ਨੇ ਵੀ ਕਿਹਾ ਕਿ ਸਹੀ ਸਮੇਂ ’ਤੇ ਐਵਾਰਡ ਮਿਲਿਆ ਹੈ। ਇਹ ਹੌਂਸਲਾ ਅਫ਼ਜਾਈ ਸ਼ਲਾਘਾਯੋਗ ਹੈ। ਪਿੰਡ ਬੁਰਜ ਰਾਠੀ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸੰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਪਿਛਲੇ ਦਿਨ੍ਹੀਂ ਕਿਰਗਿਜ਼ਸਤਾਨ ਵਿੱਚ 23ਵੀਆਂ ਸੀਨੀਅਰ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਲਿਆ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵੀ ਇਹ ਸ਼ਲਾਘਾਯੋਗ ਉਪਰਾਲਾ ਹੈ।
-ਬਾਕਸ-
-ਨੌਜਵਾਨਾਂ ਦੇ ਰੋਲ ਮਾਡਲ ਬਣੇ ਖਿਡਾਰੀ
ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਜਿੱਤ ਕੇ ਮਾਨਸਾ ਜ਼ਿਲ੍ਹੇ ਦੇ ਤਿੰਨ ਅੰਤਰਰਾਸ਼ਟਰੀ ਖਿਡਾਰੀ ਸੁਖਮੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀਂ ਮਾਨਸਾ, ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਸੰਦੀਪ ਸਿੰਘ ਮਾਨ ਵਾਸੀ ਬੁਰਜ ਰਾਠੀ ਮਾਨਸਾ ਅਤੇ ਸ਼ੂਟਿੰਗ ਦੇ ਅੰਤਰਰਾਸ਼ਟਰੀ ਖਿਡਾਰੀ ਵਿਜੈਵੀਰ ਸਿੱਧੂ ਵਾਸੀ ਕੋਰਟ ਰੋਡ ਮਾਨਸਾ ਨੌਜਵਾਨਾਂ ਦੇ ਰੋਲ ਮਾਡਲ ਬਣੇ ਹਨ। ਇਨ੍ਹਾਂ ਤਿੰਨ ਨੌਜਵਾਨ ਖਿਡਾਰੀਆਂ ਨੂੰ ਮਿਲਿਆ ਮਹਾਰਾਜਾ ਰਣਜੀਤ ਸਿੰਘ ਐਵਾਰਡ ਇੱਕ ਸ਼ਲਾਘਾਯੋਗ ਹੈ। ਨੌਜਵਾਨਾਂ ਨੂੰ ਇਨ੍ਹਾਂ ਖਿਡਾਰੀਆ ਤੋਂ ਪ੍ਰੇਰਣਾ ਲੈ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ।