21 ਮੈਂਬਰੀ ਕਮੇਟੀ ਦੇ ਵਫ਼ਦ ਨੇ ਏਡੀਸੀ ਨੂੰ ਸੌਂਪਿਆ ਮੰਗ-ਪੱਤਰ
ਮਾਨਸਾ ਸ਼ਹਿਰ ਦੀਆਂ ਭਖਦੀਆਂ
Publish Date: Wed, 29 Apr 2026 06:29 PM (IST)
Updated Date: Thu, 30 Apr 2026 04:11 AM (IST)
-ਮਾਨਸਾ ’ਚ ਲੱਗੇ ਕੂੜੇ ਦੇ ਢੇਰਾਂ ਤੋਂ ਸ਼ਹਿਰ ਵਾਸੀ ਰੋਜ਼ਾਨਾ ਹੋ ਰਹੇ ਪਰੇਸ਼ਾਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਥਾਨਕ ਸ਼ਹਿਰ ‘ਚ ਥਾਂ-ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਦੇ ਬਸ਼ਿੰਦੇ ਕਾਫ਼ੀ ਔਖੇ ਦਿਖਾਈ ਦੇ ਰਹੇ ਹਨ। ਰੋਜ਼ਾਨਾ ਉੱਠਦੇ ਕੂੜੇ ਦੇ ਡੰਪਾਂ ਦੇ ਮੁੱਦਿਆਂ ਦਾ ਕੋਈ ਹੱਲ ਨਾ ਨਿਕਲਣ ਦੇ ਕਾਰਨ ਹਰ ਕੋਈ ਮੁਸ਼ਕਲ ’ਚ ਹੈ। ਇਸ ਲਈ ਹੁਣ ਮਾਨਸਾ ਸ਼ਹਿਰ ਦੀਆਂ ਭਖਦੀਆਂ ਸਮੱਸਿਆਵਾਂ ਦੇ ਮੁੱਦੇ ਚੁੱਕੇ 21 ਮੈਂਬਰੀ ਕਮੇਟੀ ਦਾ ਇੱਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਮਾਨਸਾ, ਮੈਡਮ ਅਨੂਪ੍ਰੀਤ ਜੌਹਲ ਨੂੰ ਮਿਲਿਆ। ਕਮੇਟੀ ਨੇ ਸ਼ਹਿਰ ਦੇ ਮੁੱਖ ਸਕੂਲਾਂ ਅਤੇ ਜਨਤਕ ਸੰਸਥਾਵਾਂ ਦੇ ਗੇਟਾਂ ਅੱਗੇ ਲੱਗੇ ਕੂੜੇ ਦੇ ਵੱਡੇ ਡੰਪਾਂ ਨੂੰ ਤੁਰੰਤ ਹਟਵਾਉਣ ਦੀ ਮੰਗ ਕੀਤੀ। ਮੁਲਾਕਾਤ ਦੌਰਾਨ ਕਮੇਟੀ ਮੈਂਬਰਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਖਾਲਸਾ ਹਾਈ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਮੁੰਡਿਆਂ ਦਾ ਸਰਕਾਰੀ ਸੈਕੰਡਰੀ ਸਕੂਲ ਅਤੇ ਮਾਈ ਨਿੱਕੋ ਦੇਵੀ ਸਕੂਲ ਵਰਗੀਆਂ ਅਹਿਮ ਸੰਸਥਾਵਾਂ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਹਨ। ਗਰਮੀਆਂ ਦਾ ਸੀਜ਼ਨ ਹੋਣ ਕਾਰਨ ਇਨ੍ਹਾਂ ਢੇਰਾਂ ਤੋਂ ਫ਼ੈਲ ਰਹੀ ਬਦਬੂ ਅਤੇ ਗੰਦਗੀ ਕਾਰਨ ਸਕੂਲ ਆਉਣ-ਜਾਣ ਵਾਲੇ ਹਜ਼ਾਰਾਂ ਬੱਚਿਆਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਆਗੂਆਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਮਾਨਸਾ ਸ਼ਹਿਰ ਨੂੰ ਸਿੱਧੂ ਮੂਸੇਵਾਲਾ ਨੇ ਦੁਨੀਆ ਦੇ ਨਕਸ਼ੇ 'ਤੇ ਚਮਕਾਇਆ ਸੀ, ਅੱਜ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਉਹ ਸ਼ਹਿਰ ਕੂੜੇ ਦਾ ਡੰਪ ਬਣ ਕੇ ਰਹਿ ਗਿਆ ਹੈ। ਬਾਹਰੋਂ ਆਉਣ ਵਾਲੇ ਲੋਕਾਂ ਦੇ ਮਨ ਵਿੱਚ ਸ਼ਹਿਰ ਪ੍ਰਤੀ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਗੰਦਗੀ ਦੇ ਢੇਰ ਮਾਨਸਾ ਦੇ ਮੱਥੇ 'ਤੇ ਕਲੰਕ ਵਾਂਗ ਹਨ। ਕਮੇਟੀ ਨੇ ਇਹ ਵੀ ਨੁਕਤਾ ਚੁੱਕਿਆ ਕਿ ਇਨ੍ਹਾਂ ਢੇਰਾਂ 'ਤੇ ਅਵਾਰਾ ਗਾਵਾਂ ਅਤੇ ਕੁੱਤੇ ਮੂੰਹ ਮਾਰਦੇ ਹਨ, ਜਿਸ ਨਾਲ ਗੰਦਗੀ ਸਾਰੇ ਸ਼ਹਿਰ ਦੀਆਂ ਸੜਕਾਂ 'ਤੇ ਫੈਲ ਜਾਂਦੀ ਹੈ।
ਵਫ਼ਦ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ। ਇਸ ਮੌਕੇ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਜਨਕ ਰਾਜ ਸਿੰਘਲਾ, ਹਰਿੰਦਰ ਸਿੰਘ ਮਾਨਸ਼ਾਹੀਆ, ਸਮੀਰ ਛਾਬੜਾ, ਅੰਕੁਸ਼ ਜਿੰਦਲ, ਵਿੱਦਿਆ ਭਾਰਤੀ ਸਕੂਲ ਦੇ ਵਾਈਸ ਪ੍ਰਿੰਸੀਪਲ ਰਾਜ ਕੁਮਾਰ, ਮਿਲੇਨੀਅਮ ਸਕੂਲ ਦੇ ਮਾਲਕ ਅਰਪਿਤ ਚੌਧਰੀ ਇੰਦਰਜੀਤ ਸਿੰਘ ਮੁਨਸ਼ੀ ਰੋਹਿਤ ਕੁਮਾਰ ਤੇ ਘਣੀ ਸ਼ਾਮ ਨਿਕੂ ਹਾਜ਼ਰ ਸਨ। ਏਡੀਸੀ ਮਾਨਸਾ ਮੈਡਮ ਅਨੂਪ੍ਰੀਤ ਜੌਹਲ ਨੇ ਕਮੇਟੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਕੂੜੇ ਦੇ ਡੰਪ ਹਟਾਉਣ ਅਤੇ ਸਫਾਈ ਵਿਵਸਥਾ ਦਰੁਸਤ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ।