ਮਾਨਸਾ ਦੇ ਮੱਥੇ 'ਤੇ ਲੱਗਿਆ 'ਗੰਦਗੀ ਦਾ ਕਲੰਕ': ਸਕੂਲਾਂ ਅੱਗੇ ਲੱਗੇ ਕੂੜੇ ਦੇ ਡੰਪ ਹਟਵਾਉਣ ਲਈ 21 ਮੈਂਬਰੀ ਕਮੇਟੀ ਨੇ ਖੜਕਾਇਆ ਪ੍ਰਸ਼ਾਸਨ ਦਾ ਬੂਹਾ
ਜਿਸ ਮਾਨਸਾ ਸ਼ਹਿਰ ਦੀ ਪਛਾਣ ਦੁਨੀਆ ਭਰ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਚਮਕੀ ਸੀ, ਅੱਜ ਉਹੀ ਸ਼ਹਿਰ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ 'ਕੂੜੇ ਦੇ ਡੰਪ' ਵਜੋਂ ਪਛਾਣਿਆ ਜਾਣ ਲੱਗਾ ਹੈ। ਸ਼ਹਿਰ ਦੀਆਂ ਭਖਦੀਆਂ ਸਮੱਸਿਆਵਾਂ ਦੇ ਹੱਲ ਲਈ ਬਣੀ 21 ਮੈਂਬਰੀ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ADC) ਮੈਡਮ ਅਨੂਪ੍ਰੀਤ ਜੌਹਲ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਵਿਗੜ ਰਹੇ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ।
Publish Date: Wed, 29 Apr 2026 03:01 PM (IST)
Updated Date: Wed, 29 Apr 2026 03:03 PM (IST)

ਹਰਕ੍ਰਿਸ਼ਨ ਸ਼ਰਮਾ, ਮਾਨਸਾ : ਜਿਸ ਮਾਨਸਾ ਸ਼ਹਿਰ ਦੀ ਪਛਾਣ ਦੁਨੀਆ ਭਰ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਚਮਕੀ ਸੀ, ਅੱਜ ਉਹੀ ਸ਼ਹਿਰ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ 'ਕੂੜੇ ਦੇ ਡੰਪ' ਵਜੋਂ ਪਛਾਣਿਆ ਜਾਣ ਲੱਗਾ ਹੈ। ਸ਼ਹਿਰ ਦੀਆਂ ਭਖਦੀਆਂ ਸਮੱਸਿਆਵਾਂ ਦੇ ਹੱਲ ਲਈ ਬਣੀ 21 ਮੈਂਬਰੀ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ADC) ਮੈਡਮ ਅਨੂਪ੍ਰੀਤ ਜੌਹਲ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਵਿਗੜ ਰਹੇ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ।
ਸਕੂਲਾਂ ਦੇ ਗੇਟਾਂ 'ਤੇ ਬਿਮਾਰੀਆਂ ਦਾ ਪਹਿਰਾ
ਕਮੇਟੀ ਮੈਂਬਰਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਮਾਨਸਾ ਦੇ ਮੁੱਖ ਵਿਦਿਅਕ ਅਦਾਰਿਆਂ ਜਿਵੇਂ ਕਿ ਖਾਲਸਾ ਹਾਈ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਅਤੇ ਮਾਈ ਨਿੱਕੋ ਦੇਵੀ ਸਕੂਲ ਦੇ ਗੇਟਾਂ ਦੇ ਬਿਲਕੁਲ ਸਾਹਮਣੇ ਕੂੜੇ ਦੇ ਪਹਾੜ ਲੱਗੇ ਹੋਏ ਹਨ। ਗਰਮੀ ਵਧਣ ਕਾਰਨ ਇਨ੍ਹਾਂ ਢੇਰਾਂ ਤੋਂ ਉੱਠਦੀ ਬਦਬੂ ਨੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਜਿਸ ਨਾਲ ਕਿਸੇ ਭਿਆਨਕ ਮਹਾਮਾਰੀ ਦੇ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਸਿੱਧੂ ਮੂਸੇਵਾਲਾ ਦੇ ਸ਼ਹਿਰ ਦੀ ਹੋ ਰਹੀ ਬਦਨਾਮੀ
ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਸ਼ਹਿਰ ਦਾ ਬਹੁਤ ਹੀ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੰਦਗੀ ਮਾਨਸਾ ਦੇ ਮੱਥੇ 'ਤੇ ਇੱਕ ਕਲੰਕ ਦੀ ਤਰ੍ਹਾਂ ਹੈ। ਇਸ ਤੋਂ ਇਲਾਵਾ, ਇਨ੍ਹਾਂ ਢੇਰਾਂ 'ਤੇ ਮੂੰਹ ਮਾਰਦੇ ਅਵਾਰਾ ਪਸ਼ੂ ਅਤੇ ਕੁੱਤੇ ਗੰਦਗੀ ਨੂੰ ਸੜਕਾਂ ਦੇ ਵਿਚਕਾਰ ਫੈਲਾ ਦਿੰਦੇ ਹਨ, ਜੋ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ।
ਪ੍ਰਸ਼ਾਸਨ ਨੇ ਦਿੱਤਾ ਤੁਰੰਤ ਕਾਰਵਾਈ ਦਾ ਭਰੋਸਾ
ਏਡੀਸੀ ਮਾਨਸਾ ਮੈਡਮ ਅਨੂਪ੍ਰੀਤ ਜੌਹਲ ਨੇ ਕਮੇਟੀ ਦੀਆਂ ਦਲੀਲਾਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਮੌਕੇ 'ਤੇ ਹੀ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਕੂਲਾਂ ਅਤੇ ਜਨਤਕ ਥਾਵਾਂ ਦੇ ਸਾਹਮਣੇ ਲੱਗੇ ਕੂੜੇ ਦੇ ਡੰਪਾਂ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇ ਅਤੇ ਸਫ਼ਾਈ ਵਿਵਸਥਾ ਨੂੰ ਪਹਿਲ ਦੇ ਆਧਾਰ 'ਤੇ ਦਰੁਸਤ ਕੀਤਾ ਜਾਵੇ।
ਵਫ਼ਦ ਵਿੱਚ ਸ਼ਾਮਲ ਮੁੱਖ ਸ਼ਖ਼ਸੀਅਤਾਂ
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਡਾ. ਜਨਕ ਰਾਜ ਸਿੰਘਲਾ, ਹਰਿੰਦਰ ਸਿੰਘ ਮਾਨਸ਼ਾਹੀਆ, ਸਮੀਰ ਛਾਬੜਾ, ਅੰਕੁਸ਼ ਜਿੰਦਲ, ਰਾਜ ਕੁਮਾਰ (ਵਿੱਦਿਆ ਭਾਰਤੀ ਸਕੂਲ), ਅਰਪਿਤ ਚੌਧਰੀ (ਮਿਲੇਨੀਅਮ ਸਕੂਲ) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।