- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਵਿੰਦਰ ਕੌਰ ਨੇ ਦੱਸਿਆ ਕਿ ਉਹ ਬ੍ਰਾਂਡ ‘ਪਿੰਡ-ਬੀ’ (ਪਿੰਡ ਬੀਰੋਕੇ) ਆਜੀਵਿਕਾ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਕਰ ਰਹੀਆਂ ਹਨ। ਇਸ ਨਾਲ ਜਿੱਥੇ ਉਹ ਖੁਦ ਜਿੱਥੇ ਕੰਮ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਨਾਲ ਹੋਰ ਔਰਤਾਂ ਵੀ ਕੰਮ ਕਰ ਕੇ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ ਅਤੇ ਆਰਗੈਨਿਕ ਤੌਰ ’ਤੇ ਤਿਆਰ ਕੀਤੇ ਜਾਂਦੇ ਉਤਪਾਦ ਵਿਦੇਸ਼ਾਂ ਵਿਚ ਵੀ ਜਾਂਦੇ ਹਨ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਹਿੰਗਾਈ ਦੇ ਮੌਜੂਦਾ ਦੌਰ ’ਚ ਹਰ ਕੋਈ ਕੰਮ ਕਰੇ ਤਾਂ ਪਰਿਵਾਰ ਖੁਸ਼ਹਾਲ ਹੋ ਜਾਂਦਾ ਹੈ। ਔਰਤਾਂ ਵੀ ਇਸ ਵੇਲੇ ਲਗਾਤਾਰ ਅੱਗੇ ਵੱਧ ਰਹੀਆਂ ਹਨ। ਪਿੰਡ ਬੀਰੋਕੇ ਦੀ ਰਹਿਣ ਵਾਲੀ ਦਰਾਣੀ ਸਤਵਿੰਦਰ ਕੌਰ ਤੇ ਜਠਾਣੀ ਸਰਬਜੀਤ ਕੌਰ ਦਾ ‘ਦਰਾਣੀਆਂ-ਜੇਠਾਣੀਆਂ ਦੇ ਨਾਂ ’ਤੇ ਕੋਹਲੂ’ ਮਸ਼ਹੂਰ ਹੋਇਆ ਜਿਸ ’ਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਤੇਲ ਵੀ ਤਿਆਰ ਕਰਦੀਆਂ ਹਨ•।
ਸਤਵਿੰਦਰ ਕੌਰ ਨੇ ਦੱਸਿਆ ਕਿ ਉਹ ਬ੍ਰਾਂਡ ‘ਪਿੰਡ-ਬੀ’ (ਪਿੰਡ ਬੀਰੋਕੇ) ਆਜੀਵਿਕਾ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਕਰ ਰਹੀਆਂ ਹਨ। ਇਸ ਨਾਲ ਜਿੱਥੇ ਉਹ ਖੁਦ ਜਿੱਥੇ ਕੰਮ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਨਾਲ ਹੋਰ ਔਰਤਾਂ ਵੀ ਕੰਮ ਕਰ ਕੇ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ ਅਤੇ ਆਰਗੈਨਿਕ ਤੌਰ ’ਤੇ ਤਿਆਰ ਕੀਤੇ ਜਾਂਦੇ ਉਤਪਾਦ ਵਿਦੇਸ਼ਾਂ ਵਿਚ ਵੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਦਾ ਕੰਮ ਜਲਦ ਮੁਕਾ ਲੈਂਦੇ ਤਾਂ ਉਨ੍ਹਾਂ ਦਾ ਹੋਰ ਕੰਮ ਕਰਨ ਲਈ ਜੀਅ ਕਰਦਾ। ਘਰ ਦਾ ਕੰਮ ਮੁਕਾ ਕੇ ਉਨ੍ਹਾਂ ਕੋਲ ਸਮਾਂ ਬਚਣ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਨਾਲ ਸਲਾਹ ਕਰ ਕੇ 2013 ਵਿਚ ਖੇਤਾਂ ’ਚ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ। ਪਹਿਲਾਂ ਇਕ ਕਨਾਲ ਜ਼ਮੀਨ ਵਿਚ ਖੇਤੀ ਸ਼ੁਰੂ ਕੀਤੀ ਗਈ ਸੀ ਜੋ ਅੱਜ ਵਧ ਕੇ ਪੰਜ ਕਿੱਲਿਆਂ ਤੱਕ ਪਹੁੰਚ ਗਈ ਹੈ।
ਸਤਵਿੰਦਰ ਕੌਰ ਨੇ ਦੱਸਿਆ ਕਿ ਉਤਪਾਦ ਬਣਾਉਣ ਤੇ ਪੈਕਿੰਗ ਦੀ ਸਿਖਲਾਈ ਲਈ ਉਨ੍ਹਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਅਤੇ ਵੱਖ-ਵੱਖ ਸੰਸਥਾਵਾਂ ਤੋਂ ਸਿਖਲਾਈ ਲਈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਯੂਨੀਵਰਸਿਟੀ ਤੋਂ ਪੈਕਿੰਗ ਤੇ ਬੇਕਰੀ ਦੀ ਸਿਖਲਾਈ ਲਈ, ਸੋਲਨ ਹਿਮਾਚਲ ਪ੍ਰਦੇਸ਼ ਦੀ ਨੋਨੀ ਯੂਨੀਵਰਸਿਟੀ ਤੋਂ ਪੋਹਾ, ਪਾਸਤਾ ਤੇ ਨੂਡਲਜ਼ ਬਣਾਉਣ ਦੀ ਸਿਖਲਾਈ ਲੈ ਕੇ ਉਤਪਾਦ ਬਣਾਉਣੇ ਸ਼ੁਰੂ ਕੀਤੇ, ਜਦਕਿ ਕੇਵੀਕੇ ਖੋਖਰ ਤੋਂ ਖੁੰਬਾਂ ਉਗਾਉਣ ਦੀ ਸਿਖਲਾਈ ਲਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਸ ਕੰਮ ਵਿਚ ਇੱਕ-ਦੂਜੇ ਦਾ ਹੱਥ ਵਟਾਉਂਦਾ ਰਿਹਾ ਅਤੇ ਕਈ ਉਤਪਾਦ ਅੱਜ ਉਹ ਬਣਾਉਣ ਲੱਗ ਗਏ ਹਨ।
ਉਨ੍ਹਾਂ ਦੱਸਿਆ ਕਿ 2020 ਤੋਂ ਉਨ੍ਹਾਂ ਨੇ ਵਪਾਰਕ ਤੌਰ ’ਤੇ ਉਤਪਾਦ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਫਿਰ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਨਾਲ ਜੁੜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਦੇਸੀ ਕਣਕ, ਸੋਨਾ ਮੋਤੀ, ਬੰਸੀ ਗੋਲਡ, ਜ਼ਿੰਕ ਨੰਬਰ-1, ਗੰਨਾ, ਹਲਦੀ ਤੇ ਵੱਖ-ਵੱਖ ਮਿਲਟ ਫਸਲਾਂ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਤਕਰੀਬਨ 34-35 ਕਿਸਮ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਮਿਲਟ ਤੋਂ ਆਟਾ, ਪੋਹਾ, ਪਾਸਤਾ ਤੇ ਨੂਡਲ ਤਿਆਰ ਕੀਤੇ ਜਾਂਦੇ ਹਨ ਜਦਕਿ ਹਲਦੀ ਤੋਂ ਪੰਜੀਰੀ ਤੇ ਇਮਿਊਨਿਟੀ ਬੂਸਟਰ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੌਂ, ਜਵਾਹਰ, ਮੱਕੀ, ਬਾਜਰਾ, ਰਾਗੀ, ਕੋਧਰਾ, ਮਲਟੀਗ੍ਰੇਨ ਤੇ ਖਪਲੀ ਆਟਾ ਵੀ ਤਿਆਰ ਕੀਤਾ ਜਾਂਦਾ ਹੈ। ਬਿਸਕੁਟਾਂ ਦੀਆਂ ਵੀ ਪੰਜ-ਛੇ ਕਿਸਮਾਂ ਬਣਾਈਆਂ ਜਾਂਦੀਆਂ ਹਨ।
ਅਲੱਗ-ਅਲੱਗ ਤਰ੍ਹਾਂ ਦੇ ਤੇਲ ਜਿਵੇਂ ਸਰ੍ਹੋਂ, ਕੋਕੋਨਟ, ਅਲਸੀ, ਤਿਲ, ਬਦਾਮ ਤੇ ਅਰੰਡੀ ਦਾ ਕੋਲਡ ਪ੍ਰੈੱਸ ਤੇਲ ਵੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਜਠਾਣੀ ਸਰਬਜੀਤ ਕੌਰ ਵੱਲੋਂ ਲਗਾਤਾਰ ਮਿਹਨਤ ਕੀਤੀ ਗਈ ਅਤੇ ਆਈਸੀਆਈਸੀਆਈ ਫਾਊਂਡੇਸ਼ਨ ਵੱਲੋਂ ਏਡੀਸੀ ਵਿਕਾਸ ਅਤੇ ਡੀਪੀਐੱਮ ਜਸਵਿੰਦਰ ਕੌਰ ਦੇ ਸਹਿਯੋਗ ਨਾਲ ਕੋਲਡ ਪ੍ਰੈੱਸਡ ਕੋਹਲੂ ਮਿਲਿਆ ਸੀ। ਇਹ ਕੋਹਲੂ ‘ਦਰਾਣੀਆਂ-ਜਠਾਣੀਆਂ ਦੇ ਕੋਹਲੂ’ ਵਜੋਂ ਮਸ਼ਹੂਰ ਹੋਇਆ। ਇਸ ਨਾਲ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਲਗਾਤਾਰ ਕੰਮ ਨੂੰ ਵਧਾ ਰਹੇ ਹਾਂ ਅਤੇ ਕੰਮ ਕਰਦਿਆਂ ਕਈ ਵਾਰ ਖਾਣਾ-ਪੀਣਾ ਵੀ ਭੁੱਲ ਜਾਂਦੇ ਹਾਂ। ਇਹ ਕੰਮ ਕਰਨ ਨਾਲ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ 11 ਮੈਂਬਰਾਂ ਦਾ ਬਣਿਆ ਗਰੁੱਪ ਬਹੁਤ ਖੁਸ਼ੀ ਦਿੰਦਾ ਹੈ। ਇਸ ਗਰੁੱਪ ਵਿਚ ਨਸੀਬ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ, ਸੋਮਾ ਰਾਣੀ, ਬਿੰਦਰ ਕੌਰ, ਕਰਮਜੀਤ ਕੌਰ, ਰਸ਼ਿੰਦਰ ਕੌਰ, ਪਰਮਜੀਤ ਕੌਰ, ਕਿਰਨਪਾਲ ਕੌਰ ਅਤੇ ਚਰਨਜੀਤ ਕੌਰ ਸ਼ਾਮਲ ਹਨ। ਇਹ ਸਾਰੀਆਂ ਔਰਤਾਂ ਮਿਲ ਕੇ ਉਤਪਾਦਾਂ ਦੀ ਤਿਆਰੀ ਤੇ ਪੈਕਿੰਗ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਤਪਾਦ ਬਠਿੰਡਾ, ਮੁਹਾਲੀ, ਹਰਿਆਣਾ, ਗੁੜਗਾਓਂ ਤੇ ਦਿੱਲੀ ਤੱਕ ਭੇਜੇ ਜਾਂਦੇ ਹਨ ਅਤੇ ਵਿਦੇਸ਼ਾਂ ਤੋਂ ਵੀ ਮੰਗ ਆ ਰਹੀ ਹੈ। ਪੰਜਾਬ ਦੇ ਵੱਖ-ਵੱਖ ਮੇਲਿਆਂ ਵਿਚ ਵੀ ਇਨ੍ਹਾਂ ਉਤਪਾਦਾਂ ਦੇ ਸਟਾਲ ਲਗਾਉਂਦੇ ਹਨ ਅਤੇ ਕਈ ਦੁਕਾਨਦਾਰ ਵੀ ਉਨ੍ਹਾਂ ਤੋਂ ਸਾਮਾਨ ਮੰਗਵਾ ਰਹੇ ਹਨ।
ਗਰੁੱਪ ਦੀਆਂ ਮੈਂਬਰਾਂ ਸੋਮਾ ਰਾਣੀ, ਹਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ ਦੱਸਿਆ ਕਿ ਇੱਥੇ ਪੈਕਿੰਗ ਅਤੇ ਹੋਰ ਕੰਮ ਸਿੱਖ ਕੇ ਉਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਬੀਏ ਦੀ ਪੜ੍ਹਾਈ ਕਰ ਰਹੀ ਹੈ ਅਤੇ ਨਾਲ-ਨਾਲ ਇਹ ਕੰਮ ਕਰ ਕੇ ਆਪਣੀ ਪੜ੍ਹਾਈ ਦਾ ਖਰਚਾ ਵੀ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪਰਿਵਾਰ ਦੇ ਮੈਂਬਰ ਮਿਹਨਤ ਨਾਲ ਕੋਈ ਨਾ ਕੋਈ ਕੰਮ ਕਰਨ ਤਾਂ ਘਰ ਵਿਚ ਖੁਸ਼ਹਾਲੀ ਲਿਆਂਦੀ ਜਾ ਸਕਦੀ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ ਔਰਤਾਂ ਦਾ ਚਲਾਇਆ ਇਹ ਕੰਮ ਹੋਰਨਾਂ ਔਰਤਾਂ ਨੂੰ ਵੀ ਰੁਜ਼ਗਾਰ ਦੇ ਰਿਹਾ ਹੈ। ਇਸ ਰੁਜ਼ਗਾਰ ਨਾਲ ਕਈ ਪਰਿਵਾਰ ਚੱਲਦੇ ਹਨ। ਸਾਡੇ ਬੱਚੇ ਸਹਿਜਪ੍ਰੀਤ ਕੌਰ ਤੇ ਗੁਰਕਵਲ ਸਿੰਘ ਵੀ ਪੜ੍ਹਾਈ ਦੇ ਨਾਲ-ਨਾਲ ਸਾਡਾ ਸਾਥ ਦੇ ਰਹੇ ਹਨ।