- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਤਿਹਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 25 ਤੋਂ 29 ਮਈ ਤੱਕ ਕੋਲੰਬੋ ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ। ਜਿੱਤ ਤੋਂ ਬਾਅਦ ਟੀਮ ਦੇ ਖਿਡਾਰੀਆਂ ਦਾ ਚੇਨਈ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਸਨਮਾਨ ਕੀਤਾ ਗਿਆ, ਜਦਕਿ ਮਾਨਸਾ ਦੇ ਭੈਣੀਬਾਘਾ ਖੇਡ ਮੈਦਾਨ ਵਿੱਚ ਵੀ ਫ਼ਤਿਹਜੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਸ੍ਰੀਲੰਕਾ ਦੇ ਕੋਲੰਬੋ ਵਿਖੇ ਹੋਈ ਸਾਊਥ ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅੰਡਰ-18 ਬਾਸਕਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਇਸ ਜੇਤੂ ਟੀਮ ਦਾ ਹਿੱਸਾ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਦਾ ਹੋਣਹਾਰ ਖਿਡਾਰੀ ਫ਼ਤਿਹਜੀਤ ਸਿੰਘ ਵੀ ਰਿਹਾ, ਜਿਸ ਨੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਆਪਣੇ ਪਿੰਡ ਵਾਪਸ ਪਰਤਣ ’ਤੇ ਫ਼ਤਿਹਜੀਤ ਦਾ ਪਰਿਵਾਰਕ ਮੈਂਬਰਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਫ਼ਤਿਹਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 25 ਤੋਂ 29 ਮਈ ਤੱਕ ਕੋਲੰਬੋ ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ। ਜਿੱਤ ਤੋਂ ਬਾਅਦ ਟੀਮ ਦੇ ਖਿਡਾਰੀਆਂ ਦਾ ਚੇਨਈ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਸਨਮਾਨ ਕੀਤਾ ਗਿਆ, ਜਦਕਿ ਮਾਨਸਾ ਦੇ ਭੈਣੀਬਾਘਾ ਖੇਡ ਮੈਦਾਨ ਵਿੱਚ ਵੀ ਫ਼ਤਿਹਜੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਜਿੱਤ ਨਾਲ ਭਾਰਤੀ ਟੀਮ ਨੇ ਅਗਸਤ ਦੇ ਆਖਰੀ ਹਫ਼ਤੇ ਅਹਿਮਦਾਬਾਦ (ਗੁਜਰਾਤ) ਵਿੱਚ ਹੋਣ ਵਾਲੀ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੁਕਾਬਲੇ ਵਿੱਚ ਏਸ਼ੀਆ ਦੀਆਂ ਕਰੀਬ 35 ਟੀਮਾਂ ਭਾਗ ਲੈਣਗੀਆਂ।
ਅਵਤਾਰ ਸਿੰਘ ਨੇ ਦੱਸਿਆ ਕਿ ਜਨਵਰੀ 2026 ਵਿੱਚ ਹੋਈ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਵੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ। ਉਸ ਦੌਰਾਨ ਕੇਰਲਾ ਵਿਰੁੱਧ ਕੁਆਰਟਰ ਫਾਈਨਲ ਵਿੱਚ ਫ਼ਤਿਹਜੀਤ ਨੇ ਸ਼ਾਨਦਾਰ ਖੇਡ ਦਿਖਾਈ ਸੀ।
ਜ਼ਿਕਰਯੋਗ ਹੈ ਕਿ ਫ਼ਤਿਹਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਖੁਦ ਹੈਂਡਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ ਅਤੇ ਇਸ ਸਮੇਂ ਪੰਜਾਬ ਪੁਲਿਸ ਵਿੱਚ ਥਾਣੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਮਾਤਾ ਡਾ. ਪ੍ਰਕਾਸ਼ ਕੌਰ ਕ੍ਰਿਸ਼ਨਾ ਕਾਲਜ ਰੱਲੀ ਵਿੱਚ ਪ੍ਰਿੰਸੀਪਲ ਹਨ। ਉਨ੍ਹਾਂ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਫ਼ਤਿਹਜੀਤ ਨੇ ਬਚਪਨ ਤੋਂ ਹੀ ਮਿਹਨਤ ਅਤੇ ਅਨੁਸ਼ਾਸਨ ਨਾਲ ਖੇਡਾਂ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਉਸ ਦੀ ਮਿਹਨਤ ਰੰਗ ਲੈ ਕੇ ਆਈ ਹੈ।
ਫ਼ਤਿਹਜੀਤ ਸਿੰਘ ਨੇ ਕਿਹਾ ਕਿ ਭਾਰਤ ਦੀ ਅੰਡਰ-18 ਟੀਮ ਦਾ ਹਿੱਸਾ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਇਕਜੁੱਟ ਹੋ ਕੇ ਖੇਡਦਿਆਂ ਗੋਲਡ ਮੈਡਲ ਜਿੱਤਿਆ ਹੈ ਅਤੇ ਭਵਿੱਖ ਵਿੱਚ ਵੀ ਦੇਸ਼ ਲਈ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।