ਗਰੀਨ ਵੈਲੀ ਰੋਡ ਦੀ ਖ਼ਸਤਾ ਹਾਲਤ ਤੋਂ ਮਾਨਸਾ ਵਾਸੀ ਪਰੇਸ਼ਾਨ
ਮਾਨਸਾ ਸ਼ਹਿਰ ਦੀ ਲਗਭਗ 60 ਫੀਸਦੀ
Publish Date: Sun, 26 Apr 2026 06:32 PM (IST)
Updated Date: Mon, 27 Apr 2026 04:14 AM (IST)
-ਜੇਕਰ ਰੋਡ ਦਾ ਜਲਦ ਸੁਧਾਰ ਨਾ ਕੀਤਾ ਤਾਂ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੀ ਤਕਰੀਬਨ 60 ਫ਼ੀਸਦੀ ਆਬਾਦੀ ਨੂੰ ਜੋੜਨ ਵਾਲੇ ਅਹਿਮ ਰਸਤੇ 'ਮਹਾਰਾਜਾ ਅਗਰਸੈਨ ਮਾਰਗ' (ਗਰੀਨ ਵੈਲੀ ਰੋਡ) ਦੇ ਨਿਰਮਾਣ ਵਿੱਚ ਹੋ ਰਹੀ ਦੇਰੀ ਤੇ ਪ੍ਰਸ਼ਾਸਨਿਕ ਅਣਗਹਿਲੀ ਖ਼ਿਲਾਫ਼ ਸ਼ਹਿਰ ਵਾਸੀਆਂ ਦਾ ਗੁੱਸਾ ਫੁੱਟ ਪਿਆ ਹੈ। ਸ਼ਹਿਰ ਦੀ ਭਲਾਈ ਲਈ ਬਣੀ 21 ਮੈਂਬਰੀ ਕਮੇਟੀ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਹੁਣ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜ਼ੋਰ ਸ਼ੋਰ ਨਾਲ ਤੇ ਲੱਡੂ ਵੰਡ ਕੇ ਸੜਕ ਦਾ ਉਦਘਾਟਨ ਕੀਤਾ ਗਿਆ ਸੀ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਹ ਸੜਕ ਮਹਿਜ਼ 15 ਦਿਨਾਂ ਵਿੱਚ ਮੁਕੰਮਲ ਕਰ ਦਿੱਤੀ ਜਾਵੇਗੀ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਠੇਕੇਦਾਰ ਵੱਲੋਂ ਸੜਕ ਪੁੱਟ ਕੇ ਅਤੇ ਕੁੱਝ ਪੱਥਰ ਸੁੱਟ ਕੇ ਪਿਛਲੇ ਚਾਰ ਮਹੀਨਿਆਂ ਤੋਂ ਕੰਮ ਅੱਧ ਵਿਚਾਲੇ ਛੱਡ ਦਿੱਤਾ ਹੈ, ਜਿਸ ਕਾਰਨ ਰਾਹਗੀਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਹ ਮਾਰਗ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਵਿਦਿਆ ਭਾਰਤੀ, ਡੀਏਵੀ ਤੇ ਮਿਲੇਨੀਅਮ ਸਕੂਲ ਨੂੰ ਜਾਂਦਾ ਹੈ, ਜਿੱਥੇ ਰੋਜ਼ਾਨਾ 5 ਹਜ਼ਾਰ ਤੋਂ ਵੱਧ ਬੱਚੇ ਪਿੰਡਾਂ ਅਤੇ ਸ਼ਹਿਰਾਂ ਤੋਂ ਆਉਂਦੇ ਹਨ। ਟੁੱਟੀ ਸੜਕ ਕਾਰਨ ਬੱਚਿਆਂ ਅਤੇ ਮਾਪਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਸਬਜ਼ੀ ਮੰਡੀ ਦੇ ਵਪਾਰੀ, ਆੜ੍ਹਤੀਏ ਅਤੇ ਆਮ ਜਨਤਾ ਲਈ ਇਹ ਰਸਤਾ ਇਕ ਮੁਸੀਬਤ ਬਣ ਚੁੱਕਿਆ ਹੈ। ਐਡਵੋਕੇਟ ਮਾਹਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਿਆ ਹੈ। ਉਨ੍ਹਾ ਐਲਾਨ ਕੀਤਾ ਕਿ ਆਉਣ ਵਾਲੇ ਸੋਮਵਾਰ ਨੂੰ 21 ਮੈਂਬਰੀ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲੇਗਾ ਅਤੇ ਇੱਕ ਮੰਗ ਪੱਤਰ ਸੌਂਪੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਸੰਤੁਸ਼ਟੀਜਨਕ ਕਾਰਵਾਈ ਨਾ ਕੀਤੀ ਗਈ ਅਤੇ ਸੜਕ ਦਾ ਕੰਮ ਤੁਰੰਤ ਸ਼ੁਰੂ ਨਾ ਹੋਇਆ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਵਿਸ਼ਾਲ ਜਨ ਅੰਦੋਲਨ ਉਲੀਕਿਆ ਜਾਵੇਗਾ। ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ, ਇੰਦਰਜੀਤ ਸਿੰਘ ਮੁਨਸ਼ੀ, ਅਰੁਣ ਬਿੱਟੂ, ਨਰਾਇਣ ਦਾਸ, ਕੇਸੀ ਬਾਂਸਲ, ਪ੍ਰੇਮ ਕੁਮਾਰ ਵਿਕਾਸ ਅਤੇ ਅਰਪਿਤ ਚੌਧਰੀ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।