ਅੱਤ ਦੀ ਗਰਮੀ ਕਾਰਨ ਲੋਕ ਹੋਏ ਹਾਲੋਂ-ਬੇਹਾਲ, ਬੇਜ਼ੁਬਾਨ ਪਸ਼ੂ-ਪੰਛੀ ਵੀ ਪ੍ਰਭਾਵਿਤ
ਅੰਤਾਂ ਦੀ ਪੈ ਰਹੀ ਗਰਮੀ
Publish Date: Wed, 29 Apr 2026 06:20 PM (IST)
Updated Date: Thu, 30 Apr 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅੰਤਾਂ ਦੀ ਪੈ ਰਹੀ ਗਰਮੀ ਕਾਰਨ ਲੋਕ ਹਾਲੋਂ ਬੇਹਾਲ ਹੋ ਰਹੇ ਹਨ। ਤਿੱਖੀ ਧੁੱਪ ਨਾਲ ਜਿੱਥੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਬੇਜ਼ੁਬਾਨ ਪਸ਼ੂ-ਪੰਛੀ ਵੀ ਬਹੁਤ ਪ੍ਰਭਾਵਿਤ ਹੋ ਰਹੇ ਹਨ। ਤਿੱਖੀ ਧੁੱਪ ਵਿੱਚ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜ਼ਬੂਰ ਹੋ ਗਏ ਹਨ। ਮੁਲਾਜ਼ਮ ਦਫ਼ਤਰਾਂ ਵਿੱਚ ਪਹੁੰਚ ਕੇ ਪੱਖੇ, ਕੂਲਰਾਂ ਅਤੇ ਏਸੀ ਦੀ ਮਦਦ ਨਾਲ ਗਰਮੀ ਤੋਂ ਬਚਾਅ ਕਰ ਰਹੇ ਹਨ, ਜਦਕਿ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਕੰਮ ਕਰਦੇ ਲੋਕ ਆਪਣੇ ਚਿਹਰੇ ਅਤੇ ਸਰੀਰ ਨੂੰ ਢੱਕ ਕੇ ਹੀ ਜਾ ਰਹੇ ਹਨ। ਮੌਸਮ ਵਿਭਾਗ ਅਨੁਸਾਰ ਅਜੇ ਗਰਮੀ ਘਟਣ ਦੇ ਆਸਾਰ ਨਹੀਂ ਹਨ ਅਤੇ ਇਹ ਲਗਾਤਾਰ ਜਾਰੀ ਰਹੇਗੀ। ਰਾਜ ਕੁਮਾਰ ਨੇ ਦੱਸਿਆ ਕਿ ਬਜ਼ਾਰਾਂ ਵਿੱਚ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਦੁਪਹਿਰ ਵੇਲੇ ਸੜਕਾਂ ਤਪਣ ਲੱਗਦੀਆਂ ਹਨ। ਮਜ਼ਦੂਰਾਂ ਨੂੰ ਜਿੱਥੇ ਇਸ ਗਰਮੀ ’ਚ ਕੰਮ ਕਰਨਾ ਮੁਸ਼ਕਿਲ ਹੈ, ਉਥੇ ਹੀ ਸਾਈਕਲ ਰਿਕਸ਼ਾ ਚਲਾਉਣਾ, ਰੇਹੜੀਆਂ ਦਾ ਕੰਮ ਕਰਨ ’ਚ ਦਿੱਕਤ ਆ ਰਹੀ ਹੈ। ਕਈ ਰਿਕਸ਼ਾ ਚਾਲਕ ਦੁਪਹਿਰ ਵੇਲੇ ਛਾਂ ਲੱਭ ਕੇ ਆਰਾਮ ਕਰਦੇ ਦਿਖਾਈ ਦਿੰਦੇ ਹਨ। ਸੜਕਾਂ ਸੁਨਸਾਨ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਆਮ ਲੋਕ ਪੱਖੇ, ਕੂਲਰ ਅਤੇ ਏਸੀ ਲਗਾ ਆਪਣਾ ਬਚਾਅ ਕਰ ਰਹੇ ਹਨ। ਪੰਜਵੀਂ ਜਮਾਤ ਦੇ ਬੱਚੇ ਹੈਪੀ ਸਿੰਘ ਵੱਲੋਂ ਬੇਜ਼ੁਬਾਨ ਪਸ਼ੂ ਪੰਛੀਆਂ ਲਈ ਪਾਣੀ ਭਾਂਡਿਆਂ ਵਿੱਚ ਭਰ ਕੇ ਰੱਖਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਬੇਜ਼ੁਬਾਨ ਪਸ਼ੂ ਪੰਛੀਆਂ ਲਈ ਗਰਮੀ ਨੇ ਦਿੱਕਤਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਪੰਛੀਆਂ ਤੇ ਜਾਨਵਰਾਂ ਦੀ ਸਹਾਇਤਾ ਕਰੋ। ਪਾਲਤੂ ਅਤੇ ਗਲੀ ਦੇ ਜਾਨਵਰਾਂ ਲਈ ਪਾਣੀ ਅਤੇ ਛਾਂ ਦਾ ਪ੍ਰਬੰਧ ਕਰੋ ਤਾਂ ਜੋ ਉਹ ਵੀ ਇਸ ਗਰਮੀ ਤੋਂ ਬਚ ਸਕਣ। ਆਈਐਮਏ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਘ ਨੇ ਕਿਹਾ ਕਿ ਤਾਪਮਾਨ ਬਹੁਤ ਜ਼ਿਆਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਦੀਆਂ ਦਿੱਕਤਾਂ ਵੱਧ ਚੁੱਕੀਆਂ ਹਨ। ਤੰਦਰੁਸਤ ਲੋਕ ਵੀ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਹਰ ਘੰਟੇ ਪਾਣੀ ਪੀਂਦੇ ਰਹੋ ਅਤੇ ਹਮੇਸ਼ਾ ਆਪਣੇ ਕੋਲ ਪਾਣੀ ਰੱਖੋ। ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖੋ ਅਤੇ ਜੇਕਰ ਉਹ ਬਾਹਰ ਨਿਕਲਣ ਤਾਂ ਆਪਣਾ ਸਿਰ ਢੱਕ ਕੇ ਹੀ ਜਾਣ। ਸਵੇਰੇ 11 ਵਜੇ ਤੋਂ ਦੁਪਹਿਰ 5 ਵਜੇ ਤੱਕ ਘਰਾਂ ‘ਚੋਂ ਬਾਹਰ ਨਾ ਜਾਣ।