ਪਿੰਡਾਂ 'ਚ ਬਿਜਲੀ ਦੇ ਲੰਬੇ ਕੱਟਾਂ ਤੋਂ ਭੜਕੇ ਕਿਸਾਨ: ਡੀਸੀ ਦਫ਼ਤਰ ਅੱਗੇ ਲਗਾਇਆ ਪੱਕਾ ਮੋਰਚਾ, ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਬਿਜਲੀ ਸਪਲਾਈ ਦੀ ਪਿੰਡਾਂ ’ਚ ਆ ਰਹੀ ਦਿੱਕਤ ਨੂੰ ਲੈ ਕੇ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਅੱਜ ਮੰਗਲਵਾਰ ਨੂੰ ਧਰਨਾ ਲਗਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੀਕੇਯੂ ਡਕੌਂਦਾ ਦੇ ਆਗੂ ਇਕਬਾਲ ਸਿੰਘ ਫਫੜੇ ਭਾਈ ਕੇ ਅਤੇ ਲਛਮਣ ਸਿੰਘ ਚੱਕ ਅਲੀਸ਼ੇਰ ਕਿਹਾ ਕਿ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਨੂੰ ਜਾਂਦੀ ਬਿਜਲੀ ਸਪਲਾਈ ਲਗਾਤਾਰ ਬਿਜਲੀ ਵਿਭਾਗ ਵੱਲੋਂ ਠੱਪ ਕੀਤੀ ਜਾ ਰਹੀ ਹੈ ਅਤੇ ਇਸ ਲਈ ਕਿਸਾਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ।
Publish Date: Tue, 21 Apr 2026 01:46 PM (IST)
Updated Date: Tue, 21 Apr 2026 01:48 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਬਿਜਲੀ ਸਪਲਾਈ ਦੀ ਪਿੰਡਾਂ ’ਚ ਆ ਰਹੀ ਦਿੱਕਤ ਨੂੰ ਲੈ ਕੇ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਅੱਜ ਮੰਗਲਵਾਰ ਨੂੰ ਧਰਨਾ ਲਗਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੀਕੇਯੂ ਡਕੌਂਦਾ ਦੇ ਆਗੂ ਇਕਬਾਲ ਸਿੰਘ ਫਫੜੇ ਭਾਈ ਕੇ ਅਤੇ ਲਛਮਣ ਸਿੰਘ ਚੱਕ ਅਲੀਸ਼ੇਰ ਕਿਹਾ ਕਿ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਨੂੰ ਜਾਂਦੀ ਬਿਜਲੀ ਸਪਲਾਈ ਲਗਾਤਾਰ ਬਿਜਲੀ ਵਿਭਾਗ ਵੱਲੋਂ ਠੱਪ ਕੀਤੀ ਜਾ ਰਹੀ ਹੈ ਅਤੇ ਇਸ ਲਈ ਕਿਸਾਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ।
ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ। ਕਿਸਾਨਾਂ ਨੇ ਖੇਤਾਂ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਹਨ, ਪਰ ਬਿਜਲੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟ ਲਗਾਤਾਰ ਪਿੰਡਾਂ ‘ਚ ਲੱਗ ਰਹੇ ਹਨ। ਅਧਿਕਾਰੀਆਂ ਨਾਲ ਜਦ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਪਾਵਰ ਕੱਟ ਹੈ। ਵੱਡੇ ਅਫ਼ਸਰਾਂ ਅਤੇ ਦਫ਼ਤਰਾਂ ‘ਚ ਲਗਾਤਾਰ ਬਿਜਲੀ ਚੱਲ ਰਹੀ ਹੈ, ਪਰ ਸਾਡੇ ਘਰਾਂ ਵਿੱਚ ਇਹ ਕੱਟ ਲਗਾਏ ਜਾ ਰਹੇ ਹਨ। ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਰਵਾਇਤੀ ਫ਼ਸਲਾਂ ਝੋਨਾ ਅਤੇ ਕਣਕ ਛੱਡ ਕੇ ਸਬਜ਼ੀਆਂ ਲਗਾਉ। ਪਰ ਹੁਣ ਜਦ ਕਿਸਾਨਾਂ ਵੱਲੋਂ ਸਬਜ਼ੀਆਂ ਲਗਾਈਆ ਗਈਆਂ ਹਨ। ਪਹਿਲਾਂ ਤਾਂ ਸਬਜ਼ੀਆਂ ਦੀ ਖ਼ਰੀਦ ਨਹੀਂ ਹੋ ਰਹੀ ਅਤੇ ਹੁਣ ਬਿਜਲੀ ਬੰਦ ਹੋਣ ਕਾਰਨ ਮਹਿੰਗੇ ਭਾਅ ਦਾ ਡੀਜ਼ਲ ਫੂਕਕੇ ਸਬਜ਼ੀਆਂ ਨੂੰ ਪਾਣੀ ਦੇਣਾ ਪੈ ਰਿਹਾ ਹੈ।
ਸਰਕਾਰਾਂ ਬਣਦੀ ਬਿਜਲੀ ਕਿਸਾਨਾਂ ਨੂੰ ਦੇਣ। ਕਿਸਾਨ ਪਹਿਲਾਂ ਹੀ ਕਣਕ ਵੇਚਣ ਲਈ ਮੰਡੀਆਂ ’ਚ ਰੁਲ ਰਿਹਾ ਹੈ। ਪਾਵਰਕੱਟਾਂ ਨੂੰ ਬੰਦ ਕਰਕੇ ਨਿਰਵਿਘਨ ਸਪਲਾਈ ਦਿੱਤੀ ਜਾਵੇ। ਅੱਜ ਸੰਕੇਤਕ ਧਰਨਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮਾਨਸਾ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਇਸ ਧਰਨੇ ਬਾਅਦ ਵੀ ਮਸਲਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਹੋਰ ਜ਼ਿਆਦਾ ਤੇਜ਼ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਲਛਮਣ ਸਿੰਘ ਚੱਕ ਅਲੀਸ਼ੇਰ , ਹਰਦੇਵ ਸਿੰਘ ਬੁਰਜ ਰਾਠੀ, ਮਨਜੀਤ ਸਿੰਘ ਉੱਲਕ , ਰਾਜ ਸਿੰਘ ਅਤੇ ਹੋਰ ਮੌਜੂਦ ਸਨ।