ਡੀਐੱਸਪੀ ਗਿੱਲ ਨੇ ਕੈਮਿਸਟਾਂ ਤੋਂ ਮੰਗਿਆ ਸਹਿਯੋਗ
ਸੀਨੀਅਰ ਪੁਲਿਸ ਕਪਤਾਨ ਮਾਨਸਾ ਭਾਗੀਰਥ ਸਿੰਘ
Publish Date: Thu, 14 May 2026 05:57 PM (IST)
Updated Date: Thu, 14 May 2026 06:00 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਡੀਐੱਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਮਾਨਸਾ ਦੇ ਕੈਮਿਸਟਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਡਾਕਟਰ ਦੀ ਪਰਚੀ ’ਤੇ ਦਵਾਈਆਂ ਦੇਣ ਅਤੇ ਨਸ਼ੇ ਦੀਆਂ ਦਵਾਈਆਂ ਨਾ ਵੇਚਣ ਅਤੇ ਨਸ਼ੇ ਦੀਆਂ ਦਵਾਈਆਂ ਵੇਚਣ ਵਾਲਿਆਂ ਬਾਰੇ ਸੂਚਨਾ ਤੇ ਸਹਿਯੋਗ ਦੇਣ ਦੀ ਗੱਲ ਕਹੀ ਹੈ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਮਾਨਸਾ ਦੇ ਕੈਮਿਸਟਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਪੁਲਿਸ ਉਨ੍ਹਾਂ ਦਾ ਹਰ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ। ਪਰ ਕੈਮਿਸਟ ਕਿਸੇ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਵੇਚਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ ਨਾ ਦਿੱਤੀਆਂ ਜਾਣ ਅਤੇ ਜਿਨ੍ਹਾਂ ਦਵਾਈਆਂ ਥੋੜ੍ਹੀ ਬਹੁਤ ਨਸ਼ੇ ਦੀ ਮਾਤਰਾ ਹੈ ਉਨ੍ਹਾਂ ਦਵਾਈਆਂ ਤੇ ਡਾਕਟਰ ਦੀ ਪਰਚੀ ਜਰੂਰ ਲਾਗੂ ਕੀਤੀ ਜਾਵੇ। ਗਿੱਲ ਨੇ ਕਿਹਾ ਕਿ ਨਸ਼ੇ ਦੀਆਂ ਦਵਾਈਆਂ ਦੀ ਵਿਕਰੀ, ਸੇਵਾ ਸਮਾਜ ਲਈ ਘਾਤਕ ਹੈ। ਨੌਜਵਾਨ ਅਨੇਕਾਂ ਦਵਾਈਆਂ ਨੂੰ ਨਸ਼ੇ ਵਜੋਂ ਵਰਤਦੇ ਹਨ। ਇਸ ਲਈ ਸਮੂਹ ਕੈਮਿਸਟਾਂ ਨੂੰ ਇਹ ਨਿਯਮ ਅਪਣਾਉਣੇ ਚਾਹੀਦੇ ਹਨ ਕਿ ਦਵਾਈ ਡਾਕਟਰ ਦੀ ਪਰਚੀ ਨਾਲ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਨੂੰ ਬੇਵਜ੍ਹਾ ਤੰਗ ਨਹੀਂ ਕਰੇਗੀ ਅਤੇ ਇਸ ਵਿੱਚ ਸਮੂਹ ਕੈਮਿਸਟ ਸਹਿਯੋਗ ਬਣਾ ਕੇ ਚੱਲਣ। ਡੀਐੱਸਪੀ ਗਿੱਲ ਨੇ ਕਿਹਾ ਕਿ ਸਮਾਜ ਲਈ ਅੱਜ ਮਾਰੂ ਸਾਬਿਤ ਹੋ ਰਹੇ ਹਨ। ਇਨ੍ਹਾਂ ਦੀ ਲਪੇਟ ਵਿੱਚ ਸਾਡੇ ਹੀ ਧੀਆਂ-ਪੁੱਤ ਆ ਰਹੇ ਹਨ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇ ਦੀਆਂ ਦਵਾਈਆਂ ਦਾ ਅਸਰ ਜਾਂ ਉਨ੍ਹਾਂ ਦੀ ਵਰਤੋਂ ਦਾ ਪ੍ਰਭਾਵ ਹਰ ਨੌਜਵਾਨ ਤੇ ਪੈਂਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਨੂੰ ਠੱਲ੍ਹੀਏ ਅਤੇ ਨਸ਼ੇ ਦੀਆਂ ਦਵਾਈਆਂ ਨਾ ਵੇਚੀਏ ਅਤੇ ਨਾ ਵਿਕਣ ਦੇਈਏ। ਉਨ੍ਹਾਂ ਨੇ ਸਮੂਹ ਕੈਮਿਸਟ ਅੇਸੋਸੀਏਸ਼ਨ ਦੇ ਮੈਬਰਾਂ ਨਾਲ ਹੋਰ ਵੀ ਵਿਚਾਰਾਂ ਕੀਤੀਆਂ। ਇਸ ਮੌਕੇ ਕੈਮਿਸਟ ਅੇਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਬਾਂਸਲ, ਮਾਨਸਾ ਸ਼ਹਿਰ ਦੇ ਪਰਧਾਨ ਭੁਪਿੰਦਰ ਸਿੰਘ ਜੋਗਾ, ਜਨਰਲ ਸਕੱਤਰ ਰਾਜਿੰਦਰ ਸਿੰਘ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡੀਐੱਸਪੀ ਨੂੰ ਵਿਸ਼ਵਾਸ ਦਿੱਤਾ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ ਅਤੇ ਜੋ ਵੀ ਡਾਕਟਰ ਦੀ ਪਰਚੀ ’ਤੇ ਦਵਾਈ ਲਿਖੀ ਹੋਵੇਗੀ। ਉਹ ਹੀ ਵੇਚਣਗੇ ਅਤੇ ਨਸ਼ਾ ਵੇਚਣ ਵਾਲਿਆਂ ਦਾ ਕੋਈ ਸਹਿਯੋਗ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਥਾਣਾ ਸਿਟੀ-1 ਮਾਨਸਾ ਦੇ ਮੁਖੀ ਸੁਖਜੀਤ ਸਿੰਘ, ਸਿਟੀ-2 ਦੇ ਗੁਰਤੇਜ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।