- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਾਸ ਦੇ ਨਾਂ ’ਤੇ ਪੁਰਾਤਨ ਰਿਵਾਜ ਹੌਲੀ–ਹੌਲੀ ਖ਼ਤਮ ਹੁੰਦੇ ਜਾ ਰਹੇ ਹਨ। ਇਨ੍ਹਾਂ ’ਚੋਂ ਇਕ ਹੈ ਪਿੰਡਾਂ ਵਿੱਚ ਟੋਕਰੇ ਅਤੇ ਟੋਕਰੀਆਂ ਬਣਾਉਣ ਦੀ ਕਲਾ, ਜੋ ਅੱਜ ਅਲੋਪ ਹੋਣ ਕੰਢੇ ਹੈ। ਕਦੇ ਸਮਾਂ ਹੁੰਦਾ ਸੀ ਜਦੋਂ ਘਰ ’ਚ ਜ਼ਿਆਦਾ ਪਸ਼ੂ ਪਾਲੇ ਜਾਂਦੇ ਸਨ ਅਤੇ ਟੋਕਰੇ, ਟੋਕਰੀਆਂ, ਛਾਬੇ ਆਦਿ ਘਰੇਲੂ ਵਰਤੋਂ ਲਈ ਬਣਾਏ ਜਾਂਦੇ ਸਨ।

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ , ਮਾਨਸਾ : ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਨੇ ਜਿੱਥੇ ਇਨਸਾਨ ਤੋਂ ਸਮਾਂ ਖੋਹ ਲਿਆ ਹੈ, ਉੱਥੇ ਹੀ ਸਾਡੇ ਸੱਭਿਆਚਾਰ ’ਤੇ ਵੀ ਡੂੰਘਾ ਅਸਰ ਪਾਇਆ ਹੈ। ਵਿਕਾਸ ਦੇ ਨਾਂ ’ਤੇ ਪੁਰਾਤਨ ਰਿਵਾਜ ਹੌਲੀ–ਹੌਲੀ ਖ਼ਤਮ ਹੁੰਦੇ ਜਾ ਰਹੇ ਹਨ। ਇਨ੍ਹਾਂ ’ਚੋਂ ਇਕ ਹੈ ਪਿੰਡਾਂ ਵਿੱਚ ਟੋਕਰੇ ਅਤੇ ਟੋਕਰੀਆਂ ਬਣਾਉਣ ਦੀ ਕਲਾ, ਜੋ ਅੱਜ ਅਲੋਪ ਹੋਣ ਕੰਢੇ ਹੈ। ਕਦੇ ਸਮਾਂ ਹੁੰਦਾ ਸੀ ਜਦੋਂ ਘਰ ’ਚ ਜ਼ਿਆਦਾ ਪਸ਼ੂ ਪਾਲੇ ਜਾਂਦੇ ਸਨ ਅਤੇ ਟੋਕਰੇ, ਟੋਕਰੀਆਂ, ਛਾਬੇ ਆਦਿ ਘਰੇਲੂ ਵਰਤੋਂ ਲਈ ਬਣਾਏ ਜਾਂਦੇ ਸਨ।
ਤੂਤ ਦੀ ਛਿਟੀ ਤੋਂ ਬਣੇ ਇਹ ਟੋਕਰੇ ਨਾ ਸਿਰਫ਼ ਮਜ਼ਬੂਤ ਹੁੰਦੇ ਸਨ, ਸਗੋਂ ਪਸ਼ੂਆਂ ਲਈ ਚਾਰਾ ਪਾਉਣ ਸਮੇਂ ਧੂੜ–ਮਿੱਟੀ ਨੂੰ ਵੀ ਛਾਣ ਦਿੰਦੇ ਸਨ ਪਰ ਅੱਜਕੱਲ੍ਹ ਨਾ ਤਾਂ ਦਰੱਖਤ ਰਹੇ ਹਨ ਅਤੇ ਨਾ ਹੀ ਲੋਕਾਂ ਦੀ ਦਿਲਚਸਪੀ। ਹੁਣ ਟੋਕਰਿਆਂ ਦੀ ਥਾਂ ਸਸਤੇ ਪਲਾਸਟਿਕ ਦੇ ਬੱਠਲਾਂ ਨੇ ਲੈ ਲਈ ਹੈ। ਬਾਦਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਟੋਕਰੇ ਬਣਵਾਉਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੁੰਦੀ ਸੀ। ਤੂਤ ਦੇ ਦਰੱਖ਼ਤ ਵੀ ਵੱਡੀ ਮਾਤਰਾ ’ਚ ਮਿਲ ਜਾਂਦੇ ਸਨ ਪਰ ਅੱਜ ਇਹ ਦਰੱਖਤ ਬਹੁਤ ਘੱਟ ਰਹਿ ਗਏ ਹਨ। ਪਲਾਸਟਿਕ ਦੇ ਬੱਠਲ ਸਸਤੇ ਹੋਣ ਦੇ ਬਾਵਜੂਦ ਨੁਕਸਾਨਦੇਹ ਹਨ ਕਿਉਂਕਿ ਇਨ੍ਹਾਂ ਵਿੱਚ ਚਾਰਾ ਪਾਉਣ ਸਮੇਂ ਧੂੜ–ਮਿੱਟੀ ਪਸ਼ੂਆਂ ਦੇ ਅੰਦਰ ਚਲੀ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਵਧ ਰਹੀਆਂ ਹਨ।
20 ਸਾਲ ਤੋਂ ਟੋਕਰੇ ਬਣਾਉਣ ਦਾ ਕੰਮ ਕਰ ਰਹੇ ਪਿੰਡ ਮਾਖਾ ਦੇ ਰਹਿਣ ਵਾਲੇ ਲਾਭ ਸਿੰਘ ਨੇ ਦੱਸਿਆ ਕਿ ਟੋਕਰੇ ਬਨਾਉਣ ਦਾ ਕੰਮ ਪਹਿਲਾਂ ਉਨ੍ਹਾਂ ਦੇ ਦਾਦਾ ਕਰਦੇ ਸਨ। ਸਰਦੀ ਦੇ ਦੋ ਮਹੀਨੇ ਉਹ ਟੋਕਰੇ ਬਣਾਉਣ ’ਚ ਬਿਤਾ ਦਿੰਦੇ ਸਨ। ਬਾਅਦ ’ਚ ਇਹ ਕਲਾ ਉਨ੍ਹਾਂ ਦੇ ਪਿਤਾ ਨੇ ਅਪਣਾਈ ਅਤੇ ਫ਼ਿਰ ਲਾਭ ਸਿੰਘ ਨੇ ਖੁਦ ਸਿੱਖੀ। ਅੱਜ ਭਾਵੇਂ ਟੋਕਰੇ ਬਣਾਉਣ ਨਾਲ ਕਮਾਈ ਪਹਿਲਾਂ ਨਾਲੋਂ ਵੱਧ ਹੋ ਗਈ ਹੈ, ਪਰ ਮੰਗ ਘੱਟ ਹੋ ਗਈ ਹੈ। ਪਹਿਲਾਂ ਵਿਆਹਾਂ ’ਚ ਮਠਿਆਈ ਰੱਖਣ ਲਈ ਟੋਕਰੇ ਵਰਤੇ ਜਾਂਦੇ ਸਨ। ਰੋਟੀਆਂ ਸੰਭਾਲਣ ਲਈ ਛਾਬੇ ਬਣਵਾਏ ਜਾਂਦੇ ਸਨ ਅਤੇ ਰੂੜੀ ਦੀ ਰੇਹ ਪਾਉਣ ਲਈ ਵੀ ਟੋਕਰੇ ਵਰਤੇ ਜਾਂਦੇ ਸਨ।
ਲਾਭ ਸਿੰਘ ਨੇ ਕਿਹਾ ਕਿ ਪਹਿਲਾਂ ਦੂਰ ਦੂਰ ਦੇ ਪਿੰਡਾਂ ਤੋਂ ਲੋਕ ਉਨ੍ਹਾਂ ਦੇ ਦਾਦਾ ਅਤੇ ਪਿਤਾ ਨੂੰ ਟੋਕਰੇ ਬਣਾਉਣ ਲਈ ਬੁਲਾਉਂਦੇ ਸਨ ਪਰ ਹੁਣ ਅਜਿਹਾ ਨਹੀਂ ਰਿਹਾ। ਨਵੀਂ ਪੀੜ੍ਹੀ ਵੀ ਇਸ ਕਲਾ ਨੂੰ ਸਿੱਖਣ ’ਚ ਦਿਲਚਸਪੀ ਨਹੀਂ ਲੈ ਰਹੀ, ਜਿਸ ਕਾਰਨ ਟੋਕਰੇ ਬਣਾਉਣ ਦੀ ਇਹ ਪੁਰਾਤਨ ਕਲਾ ਹੌਲੀ-ਹੌਲੀ ਖ਼ਤਮ ਹੋ ਰਹੀ ਹੈ।
ਡਾਇਟ ਅਹਿਮਦਪੁਰ ਦੇ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਟੋਕਰੇ ਬਣਾਉਣ ਵਾਲੇ ਕਾਰੀਗਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਟੋਕਰੇ ਬਣਾਉਣ ਵਾਲੇ ਕਾਰੀਗਰਾਂ ਦੀ ਪਹਿਲਾਂ ਹਰ ਜਗ੍ਹਾ ਬਹੁਤ ਜ਼ਿਆਦਾ ਮੰਗ ਹੁੰਦੀ ਸੀ ਕਿਉਂਕਿ ਹਰ ਘਰ ’ਚ ਪਸ਼ੂ ਰੱਖੇ ਹੋਣ, ਖੇਤੀਬਾੜੀ ਨਾਲ ਜੁੜੇ ਹੋਣ ਕਾਰਨ ਲੋਕਾਂ ਨੂੰ ਟੋਕਰਿਆਂ ਦੀ ਜ਼ਰੂਰਤ ਪੈਂਦੀ ਸੀ ਪਰ ਹੁਣ ਜਿਉਂ-ਜਿਉਂ ਸਮਾਂ ਬਦਲਿਆ ਟੋਕਰੇ ਰੱਖਣ ਦਾ ਘਰਾਂ ’ਚ ਰਿਵਾਜ ਵੀ ਘੱਟ ਗਿਆ ਹੈ ਅਤੇ ਪਹਿਲਾਂ ਨਾਲੋਂ ਪਿੰਡਾਂ ’ਚ ਵੀ ਹੁਣ ਪਸ਼ੂ ਘੱਟ ਰੱਖਣ ਲੱਗੇ ਹਨ। ਵਿਆਹਾਂ ‘ਤੇ ਵੀ ਮਠਿਆਈ ਰੱਖਣ ਲਈ ਪਹਿਲਾਂ ਇੰਨ੍ਹਾਂ ਟੋਕਰਿਆਂ ਨੂੰ ਵਰਤ ਲੈਂਦੇ ਸਨ ਪਰ ਹੁਣ ਇਸ ਜਗ੍ਹਾ ਟੱਬਾਂ ਦੀ ਹੀ ਵਰਤੋਂ ਲੋਕ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਹਰ ਕਲਾ ਦੇ ਨਾਲ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਇਹ ਕਲਾ ਨਾਲ ਬਣੇ ਟੋਕਰਿਆਂ ਦੀ ਮੰਗ ਘੱਟਣ ਦੇ ਕਾਰਨ ਇਸ ਦੇ ਕਾਰੀਗਰਾਂ ਦਾ ਰੁਜ਼ਗਾਰ ਖੁੱਸਦਾ ਜਾ ਰਿਹਾ ਹੈ।