ਮੁਲਾਜ਼ਮ ਕੁਲਦੀਪ ਸਿੰਘ ਨੇ ਪਰਚਾ ਦਰਜ ਹੋਣ ਬਾਅਦ ਆਪਣਾ ਪੱਖ ਪੱਤਰਕਾਰਾਂ ਅੱਗੇ ਰੱਖਿਆ ਅਤੇ ਉਸ ਨੇ ਕਾਰਡ ਬਣਾਉਣ ਲਈ ਕੋਈ ਵੀ ਪੈਸਾ ਨਾ ਲਏ ਜਾਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੁਢਲਾਡਾ ਦੇ ਵਿਧਾਇਕ ਦੇ ਦਫਤਰ ‘ਚੋਂ ਫ਼ੋਨ ਆਇਆ ਸੀ ਕਿ ਇੱਕ ਬਜ਼ੁਰਗ ਤੁਹਾਡੇ ਕੋਲ ਆ ਰਿਹਾ ਹੈ ਅਤੇ ਇਨ੍ਹਾਂ ਦਾ ਸਿਹਤ ਬੀਮਾ ਯੋਜਨਾ ਕਾਰਡ ਬਣਵਾਉਣਾ ਹੈ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਵਾਲਾ ਮੁਫ਼ਤ ਕਾਰਡ ਬਣਾਉਣ ਵਾਲੇ ਨੂੰ ਬੀਤੇ ਦਿਨ੍ਹੀਂ ਮਾਨਸਾ ਦੇ ਅਰੋਗਿਆ ਮਿਤਰ ( ਆਊਟ ਸੋਰਸ) ਮੁਲਾਜ਼ਮ ‘ਤੇ ਪਰਚਾ ਦਰਜ ਕਰਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਅਜੇ ਇਹ ਸਕੀਮ ਲਾਗੂ ਨਹੀਂ ਹੋਈ ਅਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ 22 ਜਨਵਰੀ ਨੂੰ ਕੀਤਾ ਜਾਣਾ ਸੀ ਪਰ ਇਸ ਦੇ ਪਹਿਲਾਂ ਹੀ ਕਾਰਡ 50 ਰੁਪਏ ਲੈ ਕੇ ਬਣਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਵਿੱਚ ਕੁਲਦੀਪ ਸਿੰਘ ਨਾਮ ਦੇ ਵਿਅਕਤੀ ’ਤੇ ਕਾਰਡ ਬਣਾਉਣ ਨੂੰ ਲੈ ਕੇ ਮਾਮਲਾ ਦਰਜ ਅਤੇ ਮੁਅੱਤਲ ਕੀਤਾ ਸੀ।
ਦੂਜੇ ਪਾਸੇ ਮੁਲਾਜ਼ਮ ਕੁਲਦੀਪ ਸਿੰਘ ਨੇ ਪਰਚਾ ਦਰਜ ਹੋਣ ਬਾਅਦ ਆਪਣਾ ਪੱਖ ਪੱਤਰਕਾਰਾਂ ਅੱਗੇ ਰੱਖਿਆ ਅਤੇ ਉਸ ਨੇ ਕਾਰਡ ਬਣਾਉਣ ਲਈ ਕੋਈ ਵੀ ਪੈਸਾ ਨਾ ਲਏ ਜਾਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੁਢਲਾਡਾ ਦੇ ਵਿਧਾਇਕ ਦੇ ਦਫਤਰ ‘ਚੋਂ ਫ਼ੋਨ ਆਇਆ ਸੀ ਕਿ ਇੱਕ ਬਜ਼ੁਰਗ ਤੁਹਾਡੇ ਕੋਲ ਆ ਰਿਹਾ ਹੈ ਅਤੇ ਇਨ੍ਹਾਂ ਦਾ ਸਿਹਤ ਬੀਮਾ ਯੋਜਨਾ ਕਾਰਡ ਬਣਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਪੋਰਟਲ ’ਤੇ ਉਕਤ ਨਾਮ ਦਰਜ ਕੀਤਾ ਅਤੇ ਕੁੱਝ ਦਿਨ ਬਾਅਦ ਹੀ ਕਾਰਡ ਬਣ ਗਿਆ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ’ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹ ਝੂਠਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਜਿੱਥੇ ਕਾਰਡ ਲਗਾਤਾਰ ਬਣ ਰਹੇ ਹਨ।
ਦੂਸਰੇ ਪਾਸੇ ਭਗਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀ ਪਤਨੀ ਦੇ ਇਲਾਜ ਨੂੰ ਲੈ ਕੇ ਪਹਿਲਾਂ ਬੁਢਲਾਡਾ ਦੇ ਵਿਧਾਇਕ ਦੇ ਦਫ਼ਤਰ ’ਚ ਗਏ ਸਨ ਅਤੇ ਉਥੋਂ ਉਨ੍ਹਾਂ ਨੂੰ ਕਾਰਡ ਬਣਾਉਣ ਲਈ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਸਥਿੱਤ ਯੋਜਨਾ ਤਹਿਤ ਦਫ਼ਤਰ ਵਿੱਚ ਭੇਜਿਆ, ਜਿੱਥੇ ਉਨ੍ਹਾਂ ਨੇ ਆਪਣਾ ਕਾਰਡ ਬਣਵਾਉਣ ਲਈ ਉਥੇ ਮੁਲਾਜ਼ਮ ਤੋਂ ਐਂਟਰੀ ਪਵਾਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵੀ ਪੈਸਾ ਕਿਸੇ ਨੂੰ ਵੀ ਨਹੀਂ ਦਿੱਤਾ ਸੀ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਕਾਰਡ ਬਣਾਉਣ ਨੂੰ ਲੈ ਕੇ ਕਾਰਡ ਬਣਾਉਣ ਵਾਲੇ ਕੁਲਦੀਪ ਸਿੰਘ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਗਲਤ ਹੈ।
ਇਸ ਦੇ ਇਲਾਵਾ ਦੂਸਰੇ ਪਾਸੇ ਬੁਢਲਾਡਾ ਦੇ ਐੱਸਐੱਮਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਸਿਹਤ ਬੀਮਾ ਯੋਜਨਾ ਨੂੰ ਲੈ ਕੇ 10-10 ਲੱਖ ਦੇ ਕਾਰਡ ਬਣਾਉਣ ਦਾ ਮਾਮਲਾ ਧਿਆਨ ‘ਚ ਜਦੋਂ ਆਇਆ ਤਾਂ ਉਨ੍ਹਾਂ ਨੇ ਮੁਲਾਜ਼ਮ ਕੁਲਦੀਪ ਸਿੰਘ ‘ਤੇ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਗਾਈਡਲਾਈਨ ਸੀ ਕਿ 22 ਜਨਵਰੀ ਨੂੰ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਦਘਾਟਨ ਕਰਨਗੇ ਅਤੇ ਉਸ ਦੇ ਬਾਅਦ ਹੀ ਕਾਰਡ ਬਣਾਉਣੇ ਸ਼ੁਰੂ ਕੀਤੇ ਜਾਣਗੇ। ਉਥੇ ਹੀ ਕੁੱਝ ਪਿੰਡਾਂ ਵਿੱਚ ਸੀਐਮਓ ਵੱਲੋਂ ਲਗਾਏ ਗਏ ਸਿਹਤ ਬੀਮਾ ਯੋਜਨਾ ਕੈਂਪਾਂ ਨੂੰ ਲੈ ਕੇ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਸਰਕਾਰ ਦੀਆਂ ਗਾਈਡ ਲਾਈਨ ਤੋਂ ਹੀ ਕੁੱਝ ਪਿੰਡ ‘ਚ ਟ੍ਰਾਇਲ ਕੀਤਾ ਗਿਆ ਸੀ।
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 5 ਲੱਖ ਵਾਲਾ ਯੋਜਨਾ ਕਾਰਡ ਬਣਾਉਣ ਲਈ ਮੁਲਾਜ਼ਮ ਨੂੰ ਕਿਹਾ ਗਿਆ ਸੀ ਨਾ ਕਿ 10 ਲੱਖ ਵਾਲਾ। ਉਨ੍ਹਾਂ ਨੇ ਕਿਹਾ ਕਿ ਜਦੋਂ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਉਦਘਾਟਨ ਹੀ ਨਹੀਂ ਹੋਇਆ ਤਾਂ ਕਿਵੇਂ ਬਣਾਏ ਜਾ ਰਹੇ ਹਨ।