ਘੱਟ ਗਿਣਤੀਆਂ ’ਤੇ ਹਮਲੇ ਮੋਦੀ ਸਰਕਾਰ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ : ਕਾਮਰੇਡ ਉੱਡਤ
ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ 25ਵੀਂ ਡੈਲੀਗੇਟ
Publish Date: Sat, 08 Nov 2025 06:21 PM (IST)
Updated Date: Sat, 08 Nov 2025 06:22 PM (IST)
- ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ ਕਾਨਫ਼ਰੰਸ 12 ਨੂੰ ਕੋਟ ਧਰਮੂ ’ਚ ਕਰਵਾਈ ਜਾਵੇਗੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ 25ਵੀਂ ਡੈਲੀਗੇਟ ਕਾਨਫਰੰਸ 12 ਨਵੰਬਰ ਬੁੱਧਵਾਰ ਨੂੰ ਕੋਟ ਧਰਮੂ ਵਿਖੇ ਕਰਵਾਈ ਜਾਵੇਗੀ। ਇਸ ਵਿੱਚ ਤਹਿਸੀਲ ਸਰਦੂਲਗੜ੍ਹ ਦੀਆ ਪਾਰਟੀ ਇਕਾਈਆਂ ਵਿੱਚੋਂ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ। ਕਾਨਫ਼ਰੰਸ ਵਿੱਚ ਪਿਛਲੇ ਸਮੇ ਦੀਆਂ ਸਰਗਰਮੀਆਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਆਉਣ ਵਾਲੇ ਸਮੇ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਤਹਿਸੀਲ ਕਮੇਟੀ ਦੀ ਚੋਣ ਤੇ 25 ਨਵੰਬਰ ਦੀ 25ਵੀਂ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਲਈ ਡੈਲੀਗੇਟ ਦੀ ਚੋਣ ਕੀਤੀ ਜਾਵੇਗੀ। ਕਾਨਫ਼ਰੰਸ ਦੀ ਤਿਆਰੀ ਹਿੱਤ ਪਿੰਡ ਕੋਟ ਧਰਮੂ ਵਿੱਖੇ ਬ੍ਰਾਂਚ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਲਗਾਤਾਰ ਘੱਟ ਗਿਣਤੀ, ਦਲਿਤਾਂ ਤੇ ਇਸਤਰੀਆਂ ਤੇ ਸੋਚੀ ਸਮਝੀ ਸਾਜਿਸ਼ ਤਹਿਤ ਹਮਲੇ ਕਰ ਰਹੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਕੇਂਦਰ ਅਧੀਨ ਕਰਨਾ ਇਸੇ ਕੜੀ ਦਾ ਹਿੱਸਾ ਹੈ। ਕਾਮਰੇਡ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ। ਇਸ ਮੌਕੇ ਕਾਮਰੇਡ ਦੇਸਰਾਜ ਸਿੰਘ ਕੋਟ ਧਰਮੂ ਬ੍ਰਾਂਚ ਦੇ ਸਕੱਤਰ ਤੇ ਕਾਮਰੇਡ ਗੁਲਾਬ ਸਿੰਘ ਤੇ ਗੁਰਪਿਆਰ ਸਿੰਘ ਸਹਾਇਕ ਸਕੱਤਰ, ਕਾਮਰੇਡ ਬਲਦੇਵ ਸਿੰਘ ਦੂਲੋਵਾਲ ਬ੍ਰਾਂਚ ਦੇ ਸਕੱਤਰ ਤੇ ਕਾਮਰੇਡ ਕਰਨੈਲ ਸਿੰਘ ਦੂਲੋਵਾਲ ਸਹਾਇਕ ਸਕੱਤਰ, ਕਾਮਰੇਡ ਜੱਗਾ ਸਿੰਘ ਰਾਏਪੁਰ ਬ੍ਰਾਂਚ ਦੇ ਸਕੱਤਰ ਤੇ ਕਾਮਰੇਡ ਸੁਖਦੇਵ ਸਿੰਘ ਛਾਪਿਆਂਵਾਲੀ ਬ੍ਰਾਂਚ ਦੇ ਸਕੱਤਰ ਚੁਣੇ ਗਏ। ਇਸ ਮੌਕੇ ਕਾਮਰੇਡ ਬਲਵਿੰਦਰ ਸਿੰਘ ਕੋਟ ਧਰਮੂ ਤੇ ਜਲੋਰ ਸਿੰਘ ਕੋਟ ਧਰਮੂ ਨੇ ਕਿਹਾ ਕਿ ਤਹਿਸੀਲ ਕਾਨਫ਼ਰੰਸ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਈ ਜਾਵੇਗੀ।