ਵਿਦਿਆਰਥਣ ਦਿਵਨੀਤ ਕੌਰ ਨੇ 12ਵੀਂ ’ਚ ਮਾਰੀ ਬਾਜ਼ੀ
ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ
Publish Date: Thu, 14 May 2026 05:51 PM (IST)
Updated Date: Thu, 14 May 2026 05:54 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਅਕਾਲ ਅਕੈਡਮੀ ਭਾਈ ਦੇਸਾਂ ਦੀ ਵਿਦਿਆਰਥਣ ਦਿਵਨੀਤ ਕੌਰ ਪੁੱਤਰੀ ਸੁਖਵੰਤ ਸਿੰਘ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਮੈਡੀਕਲ ਸਾਇੰਸ ਗਰੁੱਪ ਵਿੱਚ 95.4 ਫ਼ੀਸਦੀ ਨੰਬਰ ਹਾਸਲ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਿਵਨੀਤ ਕੌਰ ਦੀ ਇਸ ਕਾਮਯਾਬੀ ਨਾਲ ਸਕੂਲ, ਮਾਪਿਆਂ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਦਿਵਨੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਇਸ ਉਪਲਬਧੀ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ। ਇਸ ਮੌਕੇ ਦਿਵਨੀਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਅਗਵਾਈ ’ਚ ਇਹ ਮੁਕਾਮ ਹਾਸਲ ਕੀਤਾ ਹੈ। ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਵੱਲੋਂ ਵੀ ਉਸ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।