ਨੌਜਵਾਨ ਨੂੰ ਅਗਵਾ ਕਰ ਕੇ ਕੱਟਿਆ ਗੁਪਤ ਅੰਗ, ਰਬੀਨਾ ਮਹੰਤ ਸਣੇ 9 ਨਾਮਜ਼ਦ; ਵਧਾਈ ਦੇ ਇਲਾਕੇ ਨੂੰ ਲੈ ਕੇ ਵਿਵਾਦ ਦੇ ਚਲਦੇ ਕੀਤੀ ਵਾਰਦਾਤ
ਸ਼ਿਕਾਇਤਕਰਤਾ ਵਿਦਿਆਰਥੀ ਰਾਉ ਮੁਤਾਬਕ ਪਿੰਡ ਬੱਲੋਕੀ ਦਾ ਰਹਿਣ ਵਾਲਾ ਕਰੀਬ 30 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਕਰੀਬ ਛੇ ਮਹੀਨੇ ਤੋਂ ਉਨ੍ਹਾਂ ਦੇ ਡੇਰੇ 'ਚ ਮਹੰਤਾਂ ਦੀ ਰੋਟੀ ਪਕਾਉਣ ਦਾ ਕੰਮ ਕਰਦਾ ਸੀ। ਵਾਰਦਾਤ ਵਾਲੇ ਦਿਨ ਸਵੇਰੇ ਕਰੀਬ 8.30 ਵਜੇ ਮਨਪ੍ਰੀਤ ਸਿੰਘ ਨਾਸ਼ਤਾ ਬਣਾ ਕੇ ਘਰੋਂ ਸੈਰ ਲਈ ਬਾਹਰ ਗਿਆ ਅਤੇ ਕਾਫੀ ਸਮਾਂ ਵਾਪਸ ਨਹੀਂ ਆਇਆ।
Publish Date: Wed, 28 Jan 2026 05:05 PM (IST)
Updated Date: Wed, 28 Jan 2026 05:09 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਕਿੰਨਰਾਂ ਦੇ ਵਧਾਈ ਮੰਗਣ ਦੇ ਇਲਾਕੇ ਨੂੰ ਲੈ ਕੇ ਹੋਏ ਵਿਵਾਦ ਦੇ ਚਲਦੇ ਇਕ ਗਰੁੱਪ ਦੇ ਮੈਂਬਰਾਂ ਨੇ ਨੌਜਵਾਨ ਨੂੰ ਅਗਵਾ ਕਰ ਕੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਵਿਦਿਆਰਥੀ ਰਾਉ ਦੇ ਬਿਆਨ ਉੱਪਰ ਵਾਰਦਾਤ ਅੰਜਾਮ ਦੇਣ ਦੇ ਮੁਲਜ਼ਮ ਰਬੀਨਾ ਮਹੰਤ ਸਣੇ ਉਸ ਦੇ ਨੌਂ ਹੋਰ ਸਾਥੀਆਂ ਖਿਲਾਫ ਇਰਾਦਾ ਕਤਲ ਸਣੇ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਰਬੀਨਾ ਮਹੰਤ ਤੋਂ ਇਲਾਵਾ ਮੋਨਾ, ਸੁਹਾਨਾ, ਸਿਮੀ, ਰਹਿਮਤ,ਕਨਿਕਾ, ਸਿਵ ਕੁਮਾਰ, ਹਿਫਾਜ਼ਤ, ਦਿਲਾਵਰ ਅਤੇ ਪੂਜਾ ਸਾਰੇ ਵਾਸੀ ਲੁਧਿਆਣਾ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਵਿਦਿਆਰਥੀ ਰਾਉ ਮੁਤਾਬਕ ਪਿੰਡ ਬੱਲੋਕੀ ਦਾ ਰਹਿਣ ਵਾਲਾ ਕਰੀਬ 30 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਕਰੀਬ ਛੇ ਮਹੀਨੇ ਤੋਂ ਉਨ੍ਹਾਂ ਦੇ ਡੇਰੇ 'ਚ ਮਹੰਤਾਂ ਦੀ ਰੋਟੀ ਪਕਾਉਣ ਦਾ ਕੰਮ ਕਰਦਾ ਸੀ। ਵਾਰਦਾਤ ਵਾਲੇ ਦਿਨ ਸਵੇਰੇ ਕਰੀਬ 8.30 ਵਜੇ ਮਨਪ੍ਰੀਤ ਸਿੰਘ ਨਾਸ਼ਤਾ ਬਣਾ ਕੇ ਘਰੋਂ ਸੈਰ ਲਈ ਬਾਹਰ ਗਿਆ ਅਤੇ ਕਾਫੀ ਸਮਾਂ ਵਾਪਸ ਨਹੀਂ ਆਇਆ। ਦੋ ਦਿਨ ਬਾਅਦ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਹੈ। ਜਦ ਉਨ੍ਹਾਂ ਹਸਪਤਾਲ ਜਾ ਕੇ ਪਤਾ ਕੀਤਾ ਤਾਂ ਵੇਖਿਆ ਕਿ ਰਬੀਨਾ ਮਹੰਤ ਸਣੇ ਉਸ ਦੇ ਸਾਥੀਆਂ ਨੇ ਮਨਪ੍ਰੀਤ ਨੂੰ ਅਗਵਾ ਕਰ ਕੇ ਉਸ ਦਾ ਗੁਪਤ ਅੰਗ ਵੱਢ ਦਿੱਤਾ ਤੇ ਉਸ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਏ ਸੀ। ਕਿਸੇ ਰਾਹਗੀਰ ਨੇ ਵੇਖ ਕੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਮੁਤਾਬਕ ਮੁਲਜਮਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।