ਸ਼ੱਕੀ ਹਾਲਾਤ ’ਚ ਪਿੰਡ ਬੱਦੋਵਾਲ ਦੇ ਨੌਜਵਾਨ ਦੀ ਮੌਤ, ਪਿਤਾ ਨੇ ਦੋਸਤਾਂ ’ਤੇ ਕੁੱਟਮਾਰ ਕਰ ਕੇ ਮਾਰਨ ਦੇ ਲਾਏ ਦੋਸ਼; ਪਿੰਡ ਵਾਸੀਆਂ ਕੀਤਾ ਹਾਈਵੇ ਜਾਮ
ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਪੁਲਿਸ ਵੱਲੋਂ ਸਮਾਂ ਸਿਰ ਪੁੱਜਣ ਤੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਲੁਧਿਆਣਾ–ਫਿਰੋਜ਼ਪਰ ਮੁੱਖ ਮਾਰਗ ’ਤੇ ਲਾਸ਼ ਰੱਖ ਕੇ ਜਾਮ ਲਾ ਦਿੱਤਾ, ਜਿਸ ਕਾਰਨ ਕਰੀਬ ਇਕ ਘੰਟਾ ਆਵਾਜਾਈ ਪ੍ਰਭਾਵਿਤ ਰਹੀ।
Publish Date: Sat, 07 Feb 2026 02:45 PM (IST)
Updated Date: Sat, 07 Feb 2026 03:44 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ ਮੁੱਲਾਂਪੁਰ ਦਾਖਾ : ਸ਼ੱਕੀ ਹਾਲਾਤ 'ਚ ਪਿੰਡ ਬੱਦੋਵਾਲ ਦੇ ਇਕ ਨੌਜਵਾਨ ਦੀ ਮੌਤ ਹੋ ਜਾਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਉਰਫ਼ ਜੋਬਨ ਪੁੱਤਰ ਅਮਨਦੀਪ ਸਿੰਘ ਵਾਸੀ ਪਿੰਡ ਬੱਦੋਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜਗਜੀਤ ਸਿੰਘ ਨੂੰ ਉਸਦੇ ਦੋਸਤਾਂ ਨੇ ਕੁੱਟ–ਕੁੱਟ ਕੇ ਮਾਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਪੁਲਿਸ ਵੱਲੋਂ ਸਮੇਂ ਸਿਰ ਪੁੱਜਣ ਤੇ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਲੁਧਿਆਣਾ–ਫਿਰੋਜ਼ਪਰ ਮੁੱਖ ਮਾਰਗ ’ਤੇ ਲਾਸ਼ ਨੂੰ ਰੱਖ ਕੇ ਜਾਮ ਲਾ ਦਿੱਤਾ, ਜਿਸ ਕਾਰਨ ਕਰੀਬ ਇਕ ਘੰਟਾ ਆਵਾਜਾਈ ਪ੍ਰਭਾਵਿਤ ਰਹੀ।
ਮ੍ਰਿਤਕ ਦੇ ਪਿਤਾ ਨੇ ਅਮਨਦੀਪ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੂੰ ਦਾਖਾ ਪੁਲਿਸ ਵੱਲੋਂ ਪਿੰਡ ਵਿੱਚ ਹੋਈ ਲੜਾਈ ਦੇ ਮਾਮਲੇ ਨਾਮਜ਼ਦ ਕੀਤਾ ਸੀ। ਅੱਜ ਹੀ ਉਸਨੂੰ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਕਰਨਾ ਸੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਦੋਸਤ ਦੇ ਘਰ ਮਿਲਣ ਦੂਜੇ ਪਿੰਡ ਗਿਆ ਸੀ। ਸਵੇਰੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਉੱਠ ਨਹੀਂ ਰਿਹਾ। ਫਿਰ ਉਨ੍ਹਾਂ ਫ਼ੋਨ ਕਰਨ ਵਾਲਿਆਂ ਨੂੰ ਕਿਹਾ ਕਿ ਉਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਆਓ। ਜਦੋਂ ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਜਗਜੀਤ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੀ ਸੂਚਨਾ ਦੇਣ ਬਾਵਜੂਦ ਪੁਲਿਸ ਘੰਟਿਆਂ ਤਕ ਮੌਕੇ ’ਤੇ ਨਹੀਂ ਪਹੁੰਚੀ। ਪੁਲਿਸ ਦੀ ਦੇਰੀ ਤੋਂ ਨਾਰਾਜ਼ ਹੋਏ ਉਨ੍ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਹਾਈਵੇ ’ਤੇ ਜਾਮ ਲਾ ਦਿੱਤਾ।
ਜਾਮ ਦੌਰਾਨ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਅਲੀਵਾਲ ਵੀ ਉੱਥੇ ਫਸ ਗਏ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉੱਥੇ ਪੁੱਜੇ ਐੱਸਐੱਚਓ ਹਰਰਾਜ ਸਿੰਘ ਚੀਮਾ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਵੱਲੋਂ ਨਿਰਪੱਖ ਜਾਂਚ ਅਤੇ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਸਿਵਿਲ ਹਸਪਤਾਲ ਦੀ ਮੋਰਚਰੀ ਭੇਜਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।