ਅਮਰੀਕਾ ਤੋਂ ਡਿਪੋਰਟ ਹੋਣ ਪਿੱਛੋਂ ਪੰਜ ਕਰੋੜ ਰੰਗਦਾਰੀ ਮਾਮਲੇ ’ਚ ਲੁੜੀਂਦਾ ਗ੍ਰਿਫ਼ਤਾਰ, ਸਕੂਲ ਦੇ ਟਰੱਸਟੀ 'ਤੇ ਵੀ ਕੀਤਾ ਗਿਆ ਸੀ ਕਾਤਲਾਨਾ ਹਮਲਾ
30 ਸਤੰਬਰ 2024 ਨੂੰ ਬਲਦੇਵ ਸਿੰਘ 'ਤੇ ਉਸ ਵੇਲੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਦੋਂ ਉਹ ਆਪਣੇ ਸਕੂਲ ਤੋਂ ਚੰਡੀਗੜ੍ਹ ਸਥਿਤ ਘਰ ਲਈ ਫਾਰਚੂਨਰ ’ਚ ਜਾ ਰਹੇ ਸਨ। ਰਸਤੇ ’ਚ ਸਰਹੰਦ ਨਦੀ ਦੇ ਗੜ੍ਹੀ ਪੁਲ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜ-ਤੋੜ ਗੋਲ਼ੀਆਂ ਚਲਾਈਆਂ, ਜਿਸ ’ਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ।
Publish Date: Sat, 28 Mar 2026 08:24 AM (IST)
Updated Date: Sat, 28 Mar 2026 08:26 AM (IST)

ਸੰਵਾਦ ਸਰੋਤ, ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ (ਲੁਧਿਆਣਾ) : ਮਾਛੀਵਾਡਾ ਦੇ ਪ੍ਰਸਿੱਧ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ ਹੋਏ ਕਾਤਲਾਨਾ ਹਮਲੇ ਅਤੇ ਪੰਜ ਕਰੋੜ ਰੰਗਦਾਰੀ ਮਾਮਲੇ ’ਚ ਫ਼ਰਾਰ ਮੁਲਜ਼ਮ ਆਖ਼ਰਕਾਰ ਪੁਲਿਸ ਦੇ ਹੱਥੇ ਚੜ੍ਹ ਗਿਆ। ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਕਮਲਪ੍ਰੀਤ ਸਿੰਘ ਉਰਫ ਬਿੱਲਾ ਨੂੰ ਮਾਛੀਵਾੜਾ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ। 30 ਸਤੰਬਰ 2024 ਨੂੰ ਬਲਦੇਵ ਸਿੰਘ 'ਤੇ ਉਸ ਵੇਲੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਦੋਂ ਉਹ ਆਪਣੇ ਸਕੂਲ ਤੋਂ ਚੰਡੀਗੜ੍ਹ ਸਥਿਤ ਘਰ ਲਈ ਫਾਰਚੂਨਰ ’ਚ ਜਾ ਰਹੇ ਸਨ। ਰਸਤੇ ’ਚ ਸਰਹੰਦ ਨਦੀ ਦੇ ਗੜ੍ਹੀ ਪੁਲ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜ-ਤੋੜ ਗੋਲ਼ੀਆਂ ਚਲਾਈਆਂ, ਜਿਸ ’ਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਜਾਂਚ ਮਗਰੋਂ ਪੁਲਿਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਪ੍ਰੀਤਪਾਲ ਸਿੰਘ ਉਰਫ ਗੋਰਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ’ਚ ਪਤਾ ਲੱਗਿਆ ਕਿ ਇਹ ਵਾਰਦਾਤ ਵਿਦੇਸ਼ ’ਚ ਬੈਠੇ ਗੈਂਗਸਟਰ ਦੇ ਕਹਿਣ 'ਤੇ ਸੁਪਾਰੀ ਲੈ ਕੇ ਕੀਤੀ ਗਈ ਸੀ। ਜਾਂਚ ’ਚ ਕਮਲਪ੍ਰੀਤ ਸਿੰਘ ਉਰਫ ਬਿੱਲਾ, ਜੋ ਕੋਟਲਾ (ਅੰਮ੍ਰਿਤਸਰ) ਦਾ ਵਾਸੀ ਹੈ, ਦਾ ਨਾਮ ਵੀ ਸਾਹਮਣੇ ਆਇਆ, ਜੋ ਡੰਕੀ ਲਗਾ ਕੇ ਅਮਰੀਕਾ ਭੱਜ ਗਿਆ ਸੀ। ਪੁਲਿਸ ਨੇ ਉਸ ਖ਼ਿਲਾਫ਼ ਲੁਕਆਉਟ ਸਰਕੂਲਰ (ਐੱਲਓਸੀ) ਜਾਰੀ ਕੀਤਾ ਸੀ। ਜਿਵੇਂ ਹੀ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਿਆ, ਪੁਲਿਸ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ।