ਪਿੰਡ ਸ਼ੇਰਵਾਨੀ ਕੋਟ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੋਵਾਂ ਨੂੰ ਸ਼ਨਿਚਰਵਾਰ ਨੂੰ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਤੇ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਘਰ ’ਚ ਛਾਪਾ ਮਾਰ ਕੇ ਫੜਿਆ। ਸਿਮਰਨਜੀਤ ਨੇ ਦੱਸਿਆ ਕਿ ਦੋਵੇਂ ਲਗਪਗ ਪੰਜ ਸਾਲ ਤੋਂ ਉਨ੍ਹਾਂ ਦੇ ਪਿੰਡ ’ਚ ਹੀ ਰਹਿ ਰਹੇ ਸਨ ਤੇ ਇੱਥੇ ਮਜ਼ਦੂਰੀ ਦਾ ਕੰਮ ਕਰਦੇ ਸਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ’ਚ 15 ਸਾਲ ਤੋਂ ਰਹਿ ਰਹੇ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਗ੍ਰਿਫ਼ਤਾਰੀ ਮਾਲੇਰਕੋਟਲਾ ’ਚ ਪੁਲਿਸ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹਿਰਾਸਤ ’ਚ ਲਏ ਗਏ ਇਕ ਸਥਾਨਕ ਨਸ਼ਾ ਤਸਕਰ ਤੋਂ ਪੁੱਛਗਿੱਛ ਤੋਂ ਬਾਅਦ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਮਾਲੇਰਕੋਟਲਾ ਦੇ ਪਿੰਡ ਸ਼ੇਰਵਾਨੀ ਕੋਟ ਤੋਂ ਦੁਪਹਿਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਅੱਬੂ ਗਾਬਾ ਹੁਰੈਰਾ ਤੇ ਉਸਮਾਨ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਦੋਵਾਂ ਦੀ ਗ੍ਰਿਫ਼ਤਾਰੀ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਪੁਲਿਸ ਦੋਵਾਂ ਨੂੰ ਆਪਣੇ ਨਾਲ ਲੈ ਗਈ ਹੈ।
ਪਿੰਡ ਸ਼ੇਰਵਾਨੀ ਕੋਟ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੋਵਾਂ ਨੂੰ ਸ਼ਨਿਚਰਵਾਰ ਨੂੰ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਤੇ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਘਰ ’ਚ ਛਾਪਾ ਮਾਰ ਕੇ ਫੜਿਆ। ਸਿਮਰਨਜੀਤ ਨੇ ਦੱਸਿਆ ਕਿ ਦੋਵੇਂ ਲਗਪਗ ਪੰਜ ਸਾਲ ਤੋਂ ਉਨ੍ਹਾਂ ਦੇ ਪਿੰਡ ’ਚ ਹੀ ਰਹਿ ਰਹੇ ਸਨ ਤੇ ਇੱਥੇ ਮਜ਼ਦੂਰੀ ਦਾ ਕੰਮ ਕਰਦੇ ਸਨ। ਹਾਲਾਂਕਿ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਲਗਪਗ 15 ਸਾਲ ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਰਹਿ ਰਹੇ ਸਨ। ਦੋਵੇਂ ਖ਼ੁਦ ਨੂੰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੱਸਦੇ ਸਨ ਤੇ ਉਹ ਸਥਾਨਕ ਲੋਕਾਂ ਨਾਲ ਘੁਲ-ਮਿਲ ਚੁੱਕੇ ਸਨ। ਦੋਵੇਂ ਪਾਕਿਸਤਾਨੀ ਹਨ, ਇਸ ਦਾ ਕਿਸੇ ਨੂੰ ਵੀ ਕਦੀ ਸ਼ੱਕ ਨਹੀਂ ਹੋਇਆ। ਇਸ ਸਬੰਧ ’ਚ ਸੀਆਈਏ ਇੰਚਾਰਜ ਹਰਜਿੰਦਰ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
10 ਲੱਖ ਦਾ ਇਨਾਮੀ ਹੁਰੈਰਾ ਅੱਤਵਾਦੀ ਤਾਂ ਨਹੀਂ ਚੜਿ੍ਹਆ ਪੁਲਿਸ ਦੇ ਹੱਥੇ
ਪੰਜਾਬ ਤੇ ਜੰਮੂ ਪੁਲਿਸ ਦੇ ਅਧਿਕਾਰੀ ਦੋਵਾਂ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਹਾਲਾਂਕਿ ਜੰਮੂ-ਕਸ਼ਮੀਰ ਦੀ ਪੁਲਿਸ ਦੇ ਕੋਲ ਸੂਚੀ ’ਚ ਹੁਰੈਰਾ ਨਾਂ ਦੇ ਕਈ ਅੱਤਵਾਦੀ ਸ਼ਾਮਲ ਹਨ। ਇਨ੍ਹਾਂ ’ਚੋਂ ਇਕ ਹੁਰੈਰਾ ਨਾਮੀ ਅੱਤਵਾਦੀ ’ਤੇ ਦਸ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।
ਮਾਲੇਰਕੋਟਲਾ ਤੋਂ ਫੜੇ ਜਾ ਚੁੱਕੇ ਹਨ ਜਾਸੂਸ
ਮਾਲੇਰਕੋਟਲਾ ਤੋਂ ਕੋਈ ਪਾਕਿਸਤਾਨੀ ਅੱਤਵਾਦੀ ਫੜੇ ਜਾਣ ਦੀ ਇਹ ਪਹਿਲੀ ਘਟਨਾ ਹੈ। ਹਾਲਾਂਕਿ ਇਸ ਤੋਂ ਪਹਿਲਾਂ 11 ਮਈ 2025 ’ਚ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਪਿਓ-ਧੀ ਨੂੰ ਗ੍ਰਿਫ਼ਤਾਰ ਕੀਤਾ ਸੀ। 31 ਸਾਲਾ ਗੁਜਾਲਾ ਤੇ ਉਸ ਦਾ ਪਿਤਾ ਯਾਮੀਨ ਮੁਹੰਮਦ ਫ਼ੌਜ ਤੇ ਹੋਰ ਵੱਡੇ ਅਦਾਰਿਆਂ ਦੀ ਜਾਣਕਾਰੀ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਅਬਦੁੱਲਾ ਤੱਕ ਪਹੁੰਚਾਉਣ ਦਾ ਕੰਮ ਕਰਦੇ ਸਨ। ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਸਨ। ਪੁਲਿਸ ਨੇ ਦੋਵਾਂ ਨੂੰ ਡਿਜੀਟਲ ਸਬੂਤ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਉਥੇ ਪਾਕਿਸਤਾਨੀ ਹਾਈ ਕਮੀਸ਼ਨ ’ਚ ਤਾਇਨਾਤ ਅਧਿਕਾਰੀ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਗਿਆ ਸੀ।