ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਦੂਸਰਾ ਕੋਈ ਬਦਲ ਨਹੀਂ ਹੈ। ਗੱਲ ਚਾਹੇ ਖਾੜਕੂ ਲਹਿਰ ਦੀ ਹੋਵੇ ਜਾਂ ਨਕਸਲਬਾੜੀ ਲਹਿਰ ਦੀ, ਕੰਵਲ ਨੇ ਜੋ ਵੀ ਲਿਖਿਆ ਦਲੇਰੀ ਤੇ ਬੇਝਿਜਕ ਹੋ ਕੇ ਲਿਖਿਆ। ਕੰਵਲ ਦੀਆਂ ਲਿਖਤਾਂ ਸਬੰਧੀ ਕੁਝ ਸਮਕਾਲੀਆਂ ਦਾ ਇਹ ਵੀ ਕਹਿਣਾ ਰਿਹਾ ਕਿ ਕੰਵਲ ਆਪਣੀ ਲੇਖਣੀ ਨੂੰ ਸਮੇਂ-ਸਮੇਂ ’ਤੇ ਬਦਲਦੇ ਰਹਿੰਦੇ ਸਨ ਪਰ ਕੰਵਲ ਨੇ ਆਪਣਾ ਲੇਖਣੀ ਦਾ ਸਫਰ ਨਿਰੰਤਰ ਜਾਰੀ ਰੱਖਿਆ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮੋਗਾ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿਤਾ ਮਾਹਲਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਹਾਸਲ ਕਰਨ ਉਪਰੰਤ ਗਿਆਨੀ ਪਾਸ ਕੀਤੀ। ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਲੱਗੀ ਸੀ। ਇਹੀ ਵਜ੍ਹਾ ਹੈ ਕਿ ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਿਆ ਕਰਦੇ ਸਨ।
ਉਨ੍ਹਾਂ ਨੇ ਮਲਾਇਆ ਵਿੱਚ ਨੌਕਰੀ ਕੀਤੀ ਸੀ। ਫਿਰ ਆਪਣੇ ਪਿੰਡ ਆ ਕੇ ਖੇਤਾਂ ਵਿੱਚ ਛੋਟੇ ਭਰਾ ਨਾਲ ਹੱਥ ਵਟਾਉਣ ਲੱਗੇ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਵਿਹਲਾ ਸਮਾਂ ਉਹ ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਵਿੱਚ ਹੀ ਬਿਤਾਉਂਦੇ ਸਨ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਅਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਸੀ ਕੰਵਲ। ਉਨ੍ਹਾਂ ਦਾ ਵਿਆਹ ਸੰਨ 1943 ਵਿੱਚ ਮੁਖਤਿਆਰ ਕੌਰ ਨਾਲ ਹੋਇਆ, ਉਨ੍ਹਾਂ ਦੇ ਘਰ ਚਾਰ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਅਮਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ, ਭੁਪਿੰਦਰ ਕੌਰ ਅਤੇ ਸਰਬਜੀਤ ਸਿੰਘ ਗਿੱਲ ਹਨ। ਉਨ੍ਹਾਂ ਦੀ ਸ਼ਖਸੀਅਤ ਤੋਂ ਵਿਸ਼ਵ ਭਰ ’ਚ ਬੈਠਾ ਹਰ ਪੰਜਾਬੀ ਭਲੀ-ਭਾਂਤ ਜਾਣੂ ਹੈ।
ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਦੂਸਰਾ ਕੋਈ ਬਦਲ ਨਹੀਂ ਹੈ। ਗੱਲ ਚਾਹੇ ਖਾੜਕੂ ਲਹਿਰ ਦੀ ਹੋਵੇ ਜਾਂ ਨਕਸਲਬਾੜੀ ਲਹਿਰ ਦੀ, ਕੰਵਲ ਨੇ ਜੋ ਵੀ ਲਿਖਿਆ ਦਲੇਰੀ ਤੇ ਬੇਝਿਜਕ ਹੋ ਕੇ ਲਿਖਿਆ। ਕੰਵਲ ਦੀਆਂ ਲਿਖਤਾਂ ਸਬੰਧੀ ਕੁਝ ਸਮਕਾਲੀਆਂ ਦਾ ਇਹ ਵੀ ਕਹਿਣਾ ਰਿਹਾ ਕਿ ਕੰਵਲ ਆਪਣੀ ਲੇਖਣੀ ਨੂੰ ਸਮੇਂ-ਸਮੇਂ ’ਤੇ ਬਦਲਦੇ ਰਹਿੰਦੇ ਸਨ ਪਰ ਕੰਵਲ ਨੇ ਆਪਣਾ ਲੇਖਣੀ ਦਾ ਸਫਰ ਨਿਰੰਤਰ ਜਾਰੀ ਰੱਖਿਆ।
ਉਨ੍ਹਾਂ ਮਾਂ ਬੋਲੀ ਪੰਜਾਬੀ ਦੀ ਝੋਲੀ 'ਚ ਅਨੇਕਾਂ ਪੁਸਤਕਾਂ ਪਾਈਆਂ ਜਿਨ੍ਹਾਂ ਵਿਚ ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਜੀਵਨ ਕਣੀਆਂ, ਦੂਜਾ ਸਫ਼ਰਨਾਮਾ, ਪੁੰਨਿਆ ਦਾ ਚਾਨਣ, ਹਾਲ ਮੁਰੀਦਾਂ ਦਾ, ਆਪਣਾ ਕੌਮੀ ਘਰ, ਕੌਮੀ ਲਲਕਾਰ, ਪੰਜਾਬੀਓ ਮਰਨਾ ਹੈ ਕਿ ਜੀਣਾ, ਮੁਕਤੀ ਮਾਰਗ, ਲਹੂ ਦੀ ਲੋਅ, ਹਾਣੀ, ਰੂਪ ਧਾਰਾ, ਰਾਤ ਬਾਕੀ ਹੈ, ਜੰਗਲ ਦੇ ਸ਼ੇਰ, ਬਰਫ ਦੀ ਅੱਗ, ਤੌਸ਼ਾਲੀ ਦੀ ਹੰਸੋ, ਤਰੀਖ ਵੇਖਦੀ ਹੈ, ਜੇਰਾ ਮਿੱਤਰ ਪਿਆਰੇ ਨੂੰ, ਗੋਰਾ ਮੁੱਖ ਸੱਜਣਾਂ ਦਾ, ਰੂਹ ਦਾ ਹਾਣ, ਚਿੱਕੜ ਦੇ ਕੰਵਲ, ਜ਼ਿੰਦਗੀ ਦੂਰ ਨਹੀਂ, ਦੇਵਦਾਸ, ਸੁਰਸਾਂਝ, ਮਨੁੱਖਤਾ, ਅਹਿਸਾਸ, ਸੂਰਮੇ, ਖੂਬਸੂਰਤ ਦੁਸ਼ਮਣ, ਗੁਆਚੀ ਪੱਗ ਅਤੇ ਮਾਈ ਦਾ ਲਾਲ ਮੁੱਖ ਤੌਰ 'ਤੇ ਸ਼ਾਮਲ ਹਨ। ਜਿਸ ਵੇਲੇ ਕੰਵਲ ਨੇ ਪੰਜਾਬ ਦੀ ਨਕਸਲਾਈਟ ਲਹਿਰ 'ਤੇ ਲਹੂ ਦੀ ਲੋਅ ਨਾਵਲ ਲਿਖਿਆ ਤਾਂ ਐਮਰਜੈਂਸੀ ਦੇ ਦਿਨਾਂ ਕਾਰਨ ਉਸ ਨੂੰ ਪੰਜਾਬ ਦਾ ਕੋਈ ਵੀ ਪਬਲਿਸ਼ਰ ਛਾਪਣ ਲਈ ਤਿਆਰ ਨਹੀਂ ਹੋਇਆ। ਕੰਵਲ ਨੇ ਸਿੰਗਾਪੁਰ ਤੋਂ ਇਹ ਨਾਵਲ ਛਪਵਾ ਕੇ ਉਸ ਦੀਆਂ ਕਾਪੀਆਂ ਭਾਰਤ ਭੇਜੀਆਂ। ਐਮਰਜੈਂਸੀ ਖ਼ਤਮ ਹੁੰਦਿਆਂ ਹੀ ਇਹ ਨਾਵਲ ਪੰਜਾਬ ਤੋਂ ਵੀ ਛਪਿਆ ਅਤੇ ਇਸ ਦਾ ਅੰਗਰੇਜ਼ੀ 'ਚ ਵੀ ਰੂਪਾਂਤਰ ਹੋਇਆ। ਕੰਵਲ ਨੇ ਆਪਣੀਆਂ ਲਿਖਤਾਂ ਜ਼ਰੀਏ ਪਿੰਡਾਂ ਦੇ ਜੀਵਨ ਅਤੇ ਕਿਸਾਨਾਂ ਦੀ ਵੀ ਗੱਲ ਕੀਤੀ।
ਨਾਵਲਕਾਰ ਕੰਵਲ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਐਵਾਰਡ
ਨਾਵਲਕਾਰ ਕੰਵਲ ਨੂੰ ਸੰਨ 1996 'ਚ ਉਨ੍ਹਾਂ ਦੀ ਪੁਸਤਕ ਪੱਖੀ (ਮਿੰਨੀ ਕਹਾਣੀਆਂ) ਲਈ ਸਾਹਿਤ ਅਕੈਡਮੀ ਫੈਲੋਸ਼ਿਪ ਮਿਲੀ। ਸੰਨ 1998 ਵਿੱਚ ਨਾਵਲ ਤੋਸ਼ਾਲੀ ਦੀ ਹੰਸੋਂ ਲਈ ਸਾਹਿਤ ਅਕੈਡਮੀ ਐਵਾਰਡ, 2007 ਵਿੱਚ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਅਤੇ ਸੰਨ 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਮਿਲੀ। ਪੰਜਾਬੀ ਸਾਹਿਤ ਦੀ ਅਜ਼ੀਮ ਸ਼ਖਸੀਅਤ ਜਸਵੰਤ ਸਿੰਘ ਕੰਵਲ ਆਪਣੀ ਜ਼ਿੰਦਗੀ ਦੇ ਕਰੀਬ 100 ਵਰ੍ਹੇ ਪੂਰੇ ਕਰ ਕੇ 1 ਫਰਵਰੀ 2020 ਨੂੰ ਇਸ ਫਾਨੀ ਸੰਸਾਰ ਨੂੰ ਬੇਸ਼ੱਕ ਅਲਵਿਦਾ ਕਹਿ ਗਏ ਪਰ ਆਪਣੀਆਂ ਲਿਖਤਾਂ ਜ਼ਰੀਏ ਉਹ ਸਦਾ ਸਾਹਿਤ ਪ੍ਰੇਮੀਆਂ ਦੇ ਦਿਲਾਂ ’ਚ ਵੱਸਦੇ ਰਹਿਣਗੇ।
ਅਦਾਕਾਰ ਬਲਰਾਜ ਸਾਹਨੀ ਨੇ ਕੰਵਲ ਦੀ ਰਹਿਨੁਮਾਈ ਹੇਠ ਲਿਖੇ ਸਨ ਦੋ ਸਫ਼ਰਨਾਮੇ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਦੋਸਤ ਸਨ ਜੋ ਅਕਸਰ ਆਪਣੇ ਪੁੱਤਰ ਪ੍ਰੀਕਸ਼ਤ ਸਾਹਨੀ ਅਤੇ ਧੀ ਸੁਨੋਬਰ ਸਾਹਨੀ ਨਾਲ ਕੰਵਲ ਕੋਲ ਪਿੰਡ ਢੁੱਡੀਕੇ ਵਿਖੇ ਆਉਂਦੇ ਸਨ ਅਤੇ ਕਈ-ਕਈ ਦਿਨ ਇੱਥੇ ਹੀ ਰਹਿ ਕੇ ਲਿਖਦੇ ਸਨ। ਜਸਵੰਤ ਸਿੰਘ ਕੰਵਲ ਦੀ ਰਹਿਨੁਮਾਈ ਹੇਠ ਬਲਰਾਜ ਸਾਹਨੀ ਨੇ ਆਪਣੇ ਦੋ ਸਫ਼ਰਨਾਮੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਮੇਰਾ ਰੂਸੀ ਸਫ਼ਰਨਾਮਾ ਕੰਵਲ ਦੇ ਘਰ ਵਿੱਚ ਹੀ ਰਹਿ ਕੇ ਹੀ ਲਿਖੇ। ਪੰਜਾਬ ਦੇ ਗੀਤਕਾਰਾਂ ਤੋਂ ਇਲਾਵਾ ਬਾਲੀਵੁੱਡ ਦੇ ਇੱਕ ਹੋਰ ਗੀਤਕਾਰ ਸਰਦਾਰ ਅੰਜੁਮ ਵੀ ਅਕਸਰ ਕੰਵਲ ਕੋਲ ਆਇਆ ਕਰਦੇ ਸਨ।