ਸੰਘ ਦੀ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਕੋਈ ਭੂਮਿਕਾ ਨਹੀਂ : ਡਾ. ਮੋਹਨ ਭਾਗਵਤ
ਸਾਡੇ ਸਵੈਮ ਸੇਵਕ ਨਾਗਰਿਕ ਹੋਣ ਦੇ ਨਾਤੇ ਆਪਣੇ ਵਿਆਕਤੀਗਤ ਫ਼ੈਸਲੇ ਕਰਨ ਲਈ ਆਜਾਦ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਰਾਸ਼ਟਰੀ ਹਿੱਤ ਵਿੱਚ ਹੋਣ ਵਾਲੇ ਮੁੱਦਿਆਂ ’ਤੇ ਵੋਟ ਪਾਉਣ ਲਈ ਜ਼ਰੂਰ ਉਤਸ਼ਾਹਿਤ ਕਰਨਗੇ।
Publish Date: Sat, 28 Feb 2026 10:55 AM (IST)
Updated Date: Sat, 28 Feb 2026 10:58 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਦੇ ਲੁਧਿਆਣਾ ਫੇਰੀ ਦੌਰਾਨ ਬੀਤੇ ਦਿਨ ਜਦ ਉਹ ਕਾਲਜ ਦੇ ਪ੍ਰਮੁੱਖ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਸ ਵਕਤ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਰਐੱਸਐੱਸ ਦੀ ਭੂਮਿਕਾ ਕੀ ਹੋਵੇਗੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੰਘ ਇੱਕ ਸਾਂਸਕ੍ਰਿਤਿਕ ਅਤੇ ਰਾਸ਼ਟਰੀ ਚਰਿੱਤਰ ਨਿਰਮਾਣ ਸੰਸਥਾ ਹੈ, ਜੋ ਸਿੱਧੇ ਤੌਰ ’ਤੇ ਚੋਣ ਰਾਜਨੀਤੀ ਵਿੱਚ ਭਾਗ ਨਹੀਂ ਲੈਂਦੀ। ਸੰਘ ਦੀ ਕਿਸੇ ਵੀ ਪਾਰਟੀ ਨਾਲ ਚੋਣਾਂ ਵਿੱਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘ ਵੋਟਿੰਗ ਜਾਂ ਚੋਣ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦਾ। ਆਰਐੱਸਐੱਸ ਦਾ ਮੁੱਖ ਧਿਆਨ ਸਮਾਜਿਕ ਏਕਤਾ, ਰਾਸ਼ਟਰੀ ਚੇਤਨਾ ਅਤੇ ਸੇਵਾਂ ਕਾਰਜਾਂ ’ਤੇ ਕੇਂਦਰਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੰਘ ਦਾ ਆਪਣਾ ਪ੍ਰੋਟੋਕੋਲ ਹੈ, ਜਿਸ ਅਨੁਸਾਰ ਅਸੀਂ ਕਿਸੇ ਵੀ ਰਾਜਨੀਤਕ ਪਾਰਟੀ ਦੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣਦੇ। ਸਾਡੇ ਸਵੈਮ ਸੇਵਕ ਨਾਗਰਿਕ ਹੋਣ ਦੇ ਨਾਤੇ ਆਪਣੇ ਵਿਆਕਤੀਗਤ ਫ਼ੈਸਲੇ ਕਰਨ ਲਈ ਆਜਾਦ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਰਾਸ਼ਟਰੀ ਹਿੱਤ ਵਿੱਚ ਹੋਣ ਵਾਲੇ ਮੁੱਦਿਆਂ ’ਤੇ ਵੋਟ ਪਾਉਣ ਲਈ ਜ਼ਰੂਰ ਉਤਸ਼ਾਹਿਤ ਕਰਨਗੇ। ਭਾਗਵਤ ਨੇ ਕਿਹਾ ਕਿ ਸੰਘ ਪਹਿਲਾਂ ਵੀ ਲੋਕਾਂ ਨੂੰ ਰਾਸ਼ਟਰ ਹਿੱਤ ਦੇ ਮੁੱਦਿਆਂ ’ਤੇ ਵੋਟ ਪਾਉਣ ਲਈ ਉਤਸ਼ਾਹਿਤ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ।