ਲੁਧਿਆਣਾ ਨਗਰ ਨਿਗਮ 'ਚ ਹੰਗਾਮਾ : ਜ਼ੋਨ ਬੀ ਦਫ਼ਤਰ 'ਚ ਭਿੜੇ ਅਕਾਲੀ ਕੌਂਸਲਰ ਤੇ ਐੱਸਈ ਪਰਵੀਨ ਸਿੰਗਲਾ, ਤਿੱਖੀ ਬਹਿਸ ਤੋਂ ਬਾਅਦ ਹੱਥੋਪਾਈ ਤਕ ਪਹੁੰਚੇ
ਕੌਂਸਲਰ ਪੱਖ ਵੱਲੋਂ ਦਾਅਵਾ ਕੀਤਾ ਗਿਆ ਕਿ ਗੱਲਬਾਤ ਦੌਰਾਨ ਅਧਿਕਾਰੀ ਵੱਲੋਂ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਮਾਹੌਲ ਗਰਮਾ ਗਿਆ ਅਤੇ ਤਕਰਾਰ ਨੇ ਹੱਥੋਪਾਈ ਦਾ ਰੂਪ ਧਾਰ ਲਿਆ। ਕੌਂਸਲਰ ਦੇ ਭਰਾ ਅਮਰੀਕ ਸਿੰਘ ਨੇ ਕਿਹਾ ਕਿ ਵਾਰਡ ਦੇ ਵਿਕਾਸ ਕੰਮਾਂ ਨਾਲ ਜੁੜੀਆਂ ਫਾਈਲਾਂ ਲੰਬੇ ਸਮੇਂ ਤੋਂ ਅਟਕੀਆਂ ਹੋਈਆਂ ਸਨ ਅਤੇ ਇਸੇ ਮਾਮਲੇ 'ਤੇ ਚਰਚਾ ਕਰਨ ਲਈ ਉਨ੍ਹਾਂ ਦਾ ਭਰਾ ਦਫ਼ਤਰ ਗਿਆ ਸੀ।
Publish Date: Wed, 10 Jun 2026 03:03 PM (IST)
Updated Date: Wed, 10 Jun 2026 03:28 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ-ਬੀ ਦਫ਼ਤਰ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 20 ਤੋਂ ਕੌਂਸਲਰ ਛਤਰ ਬੀਰ ਸਿੰਘ ਕਮਲ ਅਰੋੜਾ ਅਤੇ ਬੀ ਐਂਡ ਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ ਪਰਵੀਨ ਸਿੰਗਲਾ ਵਿਚਾਲੇ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪੱਖਾਂ ਵਿਚਕਾਰ ਹੱਥਾਪਾਈ ਹੋਣ ਦੀ ਗੱਲ ਸਾਹਮਣੇ ਆਈ ਹੈ। ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਕੌਂਸਲਰ ਨੇ ਨਿਗਰਾਨ ਇੰਜੀਨੀਅਰ ਨੂੰ ਥੱਪੜ ਵੀ ਜੜੇ ਤੇ ਕੁਰਸੀ ਵੀ ਤੋੜ ਦਿੱਤੀ।
ਜਾਣਕਾਰੀ ਅਨੁਸਾਰ ਕੌਂਸਲਰ ਛਤਰ ਬੀਰ ਸਿੰਘ ਕਮਲ ਅਰੋੜਾ ਆਪਣੇ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਨਾਲ ਜੁੜੀਆਂ ਫਾਈਲਾਂ ਅਤੇ ਸੜਕਾਂ ਦੀ ਮੁਰੰਮਤ ਸਬੰਧੀ ਮਾਮਲਿਆਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਪਹੁੰਚੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਵਿਕਾਸ ਕਾਰਜਾਂ ਨਾਲ ਸੰਬੰਧਤ ਕਈ ਫਾਈਲਾਂ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸਨ ਤੇ ਇਸੇ ਸਬੰਧ 'ਚ ਅਧਿਕਾਰੀ ਨਾਲ ਗੱਲਬਾਤ ਦੌਰਾਨ ਵਿਵਾਦ ਪੈਦਾ ਹੋ ਗਿਆ।
ਕੌਂਸਲਰ ਪੱਖ ਵੱਲੋਂ ਦਾਅਵਾ ਕੀਤਾ ਗਿਆ ਕਿ ਗੱਲਬਾਤ ਦੌਰਾਨ ਅਧਿਕਾਰੀ ਵੱਲੋਂ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਮਾਹੌਲ ਗਰਮਾ ਗਿਆ ਅਤੇ ਤਕਰਾਰ ਨੇ ਹੱਥੋਪਾਈ ਦਾ ਰੂਪ ਧਾਰ ਲਿਆ। ਕੌਂਸਲਰ ਦੇ ਭਰਾ ਅਮਰੀਕ ਸਿੰਘ ਨੇ ਕਿਹਾ ਕਿ ਵਾਰਡ ਦੇ ਵਿਕਾਸ ਕਾਰਜਾਂ ਨਾਲ ਜੁੜੀਆਂ ਫਾਈਲਾਂ ਲੰਬੇ ਸਮੇਂ ਤੋਂ ਅਟਕੀਆਂ ਹੋਈਆਂ ਸਨ ਅਤੇ ਇਸੇ ਮਾਮਲੇ 'ਤੇ ਚਰਚਾ ਕਰਨ ਲਈ ਉਨ੍ਹਾਂ ਦਾ ਭਰਾ ਦਫ਼ਤਰ ਗਿਆ ਸੀ।
ਘਟਨਾ ਤੋਂ ਬਾਅਦ ਨਿਗਰਾਨ ਇੰਜੀਨੀਅਰ ਪਰਵੀਨ ਸਿੰਗਲਾ ਦਫ਼ਤਰ ਤੋਂ ਚਲੇ ਗਏ। ਮੀਡੀਆ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਬਾਅਦ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਪੱਖ ਜਨਤਕ ਤੌਰ 'ਤੇ ਰੱਖਣਗੇ।
ਉਧਰ, ਜ਼ੋਨ ਬੀ ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਮੁਤਾਬਕ, ਜਦੋਂ ਸਬੰਧਤ ਪੱਖ ਉਨ੍ਹਾਂ ਕੋਲ ਪਹੁੰਚਣਗੇ ਤਾਂ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਲੈ ਕੇ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।