Punjab Weather: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ,ਚੱਲਣਗੀਆਂ ਤੇਜ਼ ਹਵਾਵਾਂ, 19 ਮਾਰਚ ਨੂੰ ਬਦਲੇਗਾ ਮੌਸਮ
ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ’ਚ ਦਿਨ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ ਦਾ ਰਿਹਾ। ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਤੋਂ ਲਗਪਗ ਅੱਠ ਡਿਗਰੀ ਸੈਲਸੀਅਸ ਘੱਟ ਸੀ।
Publish Date: Tue, 17 Mar 2026 09:47 AM (IST)
Updated Date: Tue, 17 Mar 2026 09:52 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੱਛਮੀ ਗੜਬੜੀ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ’ਚ ਲਗਪਗ ਅੱਠ ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਮੌਸਮ ਠੰਢਾ ਹੋਣ ਨਾਲ ਕਣਕ ਸਮੇਤ ਹਾੜੀ ਦੀਆਂ ਫ਼ਸਲਾਂ ਨੂੰ ਲਾਭ ਮਿਲੇਗਾ ਕਿਉਂਕਿ ਇਕ ਤੋਂ ਲੈ ਕੇ 14 ਮਾਰਚ ਤੱਕ ਲਗਾਤਾਰ ਦਿਨ ਤੇ ਰਾਤ ਦਾ ਤਾਪਮਾਨ ਵਧਣ ਨਾਲ ਕਣਕ ਦੀ ਫ਼ਸਲ ਦਾ ਝਾੜ ਘੱਟ ਹੋਣ ਦਾ ਡਰ ਬਣਿਆ ਹੋਇਆ ਸੀ। ਹੁਣ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਖ਼ੁਸ਼ੀ ਮੁੜ ਆਈ ਹੈ। ਸੋਮਵਾਰ ਨੂੰ ਪਠਾਨਕੋਟ ’ਚ 28.8, ਰੂਪਨਗਰ ਤੇ ਅੰਮ੍ਰਿਤਸਰ ’ਚ 10.8, ਗੁਰਦਾਸਪੁਰ ’ਚ 6.4, ਫ਼ਾਜ਼ਿਲਕਾ ’ਚ 4.0, ਲੁਧਿਆਣਾ ’ਚ 3.4, ਫ਼ਰੀਦਕੋਟ ’ਚ 4.2, ਪਟਿਆਲਾ ’ਚ 7.4 ਤੇ ਐੱਸਬੀਐੱਸ ਨਗਰ ’ਚ 2.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹੁਸ਼ਿਆਰਪੁਰ ਤੇ ਤਰਨਤਾਰਨ ’ਚ ਹਲਕੀ ਗੜੇਮਾਰੀ ਵੀ ਹੋਈ। ਇਸ ਦੌਰਾਨ 20 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਨਾਲ ਕਈ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਡਿੱਗ ਗਈ। ਹਾਲਾਂਕਿ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਨੁਕਸਾਨ ਦੀ ਸੰਭਾਵਨਾ ਘੱਟ ਹੈ।
ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ’ਚ ਦਿਨ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ ਦਾ ਰਿਹਾ। ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਤੋਂ ਲਗਪਗ ਅੱਠ ਡਿਗਰੀ ਸੈਲਸੀਅਸ ਘੱਟ ਸੀ। ਉਥੇ ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਤੋਂ ਸੱਤ ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਐੱਸਬੀਐੱਸ ਨਗਰ ਦਾ ਵੱਧ ਤੋਂ ਵੱਧ ਤਾਪਮਾਨ 20.7, ਲੁਧਿਆਣਾ ਦਾ 20.3, ਅੰਮ੍ਰਿਤਸਰ ਦਾ 21.0, ਰੂਪਨਗਰ ਦਾ 21, ਫ਼ਿਰੋਜ਼ਪੁਰਪ ਦਾ 21.7, ਬਠਿੰਡਾ ਦਾ 24.0 ਤੇ ਪਟਿਆਲਾ ਦਾ 26.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਓਧਰ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਮੌਸਮ ਸਾਫ਼ ਰਹੇਗਾ। ਕੁਝ ਥਾਵਾਂ ’ਤੇ ਬੱਦਲ ਛਾਏ ਰਹਿ ਸਕਦੇ ਹਨ। 19 ਤੇ 20 ਮਾਰਚ ਨੂੰ ਮੁੜ ਬਾਰਿਸ਼ ਦੀ ਸੰਭਾਵਨਾ ਹੈ, ਓਧਰ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਹਲਕੀ ਤੋਂ ਆਮ ਬਾਰਿਸ਼ ਹੋ ਰਹੀ ਹੈ। ਇਹ ਬਾਰਿਸ਼ ਫ਼ਸਲਾਂ ਲਈ ਫ਼ਾਇਦੇਮੰਦ ਹੈ।