ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਲਗਾਤਾਰ ਤਿੰਨ ਦਿਨ ਤੋਂ ਹੋ ਰਹੀ ਬਾਰਿਸ਼ ਨਾਲ ਸੂਬੇ ’ਚ ਕਣਕ ਦੀ ਕਰੀਬ ਸਵਾ ਲੱਖ ਏਕੜ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਨੇ ਨੌਂ ਅਪ੍ਰੈਲ ਤੱਕ ਇਸੇ ਤਰ੍ਹਾਂ ਦੇ ਹਾਲਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਲੁਧਿਆਣਾ/ਚੰਡੀਗੜ੍ਹ : ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੰਗਲਵਾਰ ਨੂੰ ਪੰਜਾਬ ਸਮੇਤ ਉੱਤਰ ਭਾਰਤ ਦੇ ਬਹੁਤੇ ਇਲਾਕੇ ਮੀਂਹ ਤੇ ਗੜੇਮਾਰੀ ਦੀ ਮਾਰ ਹੇਠ ਹਨ। ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਆਖ਼ਰੀ ਉਮੀਦ ’ਤੇ ਵੀ ਪਾਣੀ ਫੇਰ ਦਿੱਤਾ। ਪੱਕੀ ਹੋਈ ਕਣਕ ਦੀ ਫ਼ਸਲ ਖੇਤਾਂ ’ਚ ਵਿਛਾ ਦਿੱਤੀ। ਸਰੋਂ ਤੇ ਬਾਗ਼ਬਾਨੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਲਗਾਤਾਰ ਤਿੰਨ ਦਿਨ ਤੋਂ ਹੋ ਰਹੀ ਬਾਰਿਸ਼ ਨਾਲ ਸੂਬੇ ’ਚ ਕਣਕ ਦੀ ਕਰੀਬ ਸਵਾ ਲੱਖ ਏਕੜ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਨੇ ਨੌਂ ਅਪ੍ਰੈਲ ਤੱਕ ਇਸੇ ਤਰ੍ਹਾਂ ਦੇ ਹਾਲਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਇਸ ਸਾਲ ਮਾਰਚ ਦੇ ਤੀਜੇ ਹਫ਼ਤੇ ਤੋਂ ਪੱਛਮੀ ਗੜਬੜੀਆਂ ਲਗਾਤਾਰ ਸਰਗਰਮ ਹੈ, ਜਿਸ ਦੇ ਨਤੀਜੇ ਵਜੋਂ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਰ ਦੂਜੇ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼, ਤੇਜ਼ ਹਵਾਵਾਂ ਤੇ ਗੜੇਮਾਰੀ ਦਾ ਦੌਰ ਜਾਰੀ ਹੈ। ਮੰਗਲਵਾਰ ਸਰਗਰਮ ਹੋਈ ਤਾਜ਼ਾ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਫ਼ਾਜ਼ਲਿਕਾ ਅੰਮ੍ਰਿਤਸਰ, ਰੂਪਨਗਰ, ਮੋਹਾਲੀ, ਪਟਿਆਲਾ, ਪਠਾਨਕੋਟ, ਲੁਧਿਆਣਾ, ਜਲੰਧਰ ਸਮੇਤ ਕਈ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਬਾਰਿਸ਼ ਤੇ ਗੜੇਮਾਰੀ ਹੋਈ। ਕਈ ਥਾਈਂ ਹਵਾ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ। ਮੋਗਾ ’ਚ ਕਰੀਬ ਅੱਧਾ ਘੰਟਾ ਗੜੇਮਾਰੀ ਹੋਈ। ਅਬੋਹਰ ’ਚ ਵੀ ਸਾਰਾ ਦਿਨ ਬੱਦਲ ਛਾਏ ਰਹੇ ਤੇ ਸ਼ਾਮ ਨੂੰ ਤੇਜ਼ ਬਾਰਿਸ਼ ਨਾਲ ਜ਼ਬਰਦਸਤ ਗੜੇਮਾਰੀ ਹੋਈ। ਅਬੋਹਰ ਦੇ ਪਿੰਡ ਭੰਗਰਖੇੜਾ, ਅੱਚਾਡਿੱਕੀ, ਢੀਂਗਾਵਾਲੀ, ਦੌਲਤਪੁਰਾ ਤੇ ਖੁਈਆਂ ਸਰਵਰ ’ਚ ਗੜੇਮਾਰੀ ਨਾਲ ਪੱਕੀ ਕਣਕ ਖੇਤਾਂ ’ਚ ਵਿਛ ਗਈ। ਸਰੋਂ ਦੀ ਫ਼ਸਲ, ਹਰਾ ਚਾਰਾ ਤੇ ਬਾਗ਼ਬਾਨੀ ਨੂੰ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਬਚੀ ਉਮੀਦ ਵੀ ਮੰਗਲਵਾਰ ਨੂੰ ਹੋਈ ਗੜੇਮਾਰੀ ਨਾਲ ਖ਼ਤਮ ਹੋ ਗਈ ਹੈ। ਹੁਣ ਤਾਂ ਵਾਹਿਗੁਰੂ ਤੋਂ ਹੀ ਇਹੀ ਅਰਦਾਸ ਹੈ ਕਿ ਬਾਰਿਸ਼ ਨਾਲ ਹੋਵੇ ਨਹੀਂ ਤਾਂ ਪਸ਼ੂਆਂ ਲਈ ਤੂੜੀ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਲ ਹੋ ਜਾਵੇਗਾ।
ਲੁਧਿਆਣਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਦੀਪ ਸਿੰਘ ਮੁਤਾਬਕ ਇਸ ਸਮੇਂ ਮੀਂਹ ਨੁਕਸਾਨ ਹੀ ਕਰ ਰਿਹਾ ਹੈ। ਕਣਕ ਤੇ ਸਰ੍ਹੋਂ ਦੀਆਂ ਫ਼ਸਲਾਂ ਪੱਕ ਕੇ ਤਿਆਰ ਹਨ ਤੇ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਬਾਰਿਸ਼ ਕਾਰਨ ਵਾਢੀ ਪੱਛੜ ਗਈ ਹੈ। ਜਿਨ੍ਹਾਂ ਇਲਾਕਿਆਂ ’ਚ ਫ਼ਸਲਾਂ ਡਿੱਗ ਗਈਆਂ ਹਨ, ਉੱਥੇ ਕੰਬਾਈਨ ਹਾਰਵੈਸਟਰ ਨਾਲ ਵਾਢੀ ਸੰਭਵ ਨਹੀਂ ਹੋਵੇਗੀ। ਦਸਤੀ ਵਾਢੀ ਲਈ ਮਜ਼ਦੂਰਾਂ ਦੀ ਲੋੜ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਲਾਗਤ ਵਧੇਗੀ ਤੇ ਵਾਢੀ ਪ੍ਰਭਾਵਿਤ ਹੋਵੇਗੀ।
ਓਧਰ ਹਰਿਆਣਾ ’ਚ ਵੀ ਇਹੀ ਹਾਲ ਰਿਹਾ। ਅੰਬਾਲਾ, ਪੰਚਕੂਲਾ, ਨਾਰਨੌਲ, ਰੋਹਤਕ ’ਚ ਵੀ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਕਈ ਥਾਈੰ ਗੜੇਮਾਰੀ ਵੀ ਹੋਈ। ਰਾਜਧਾਨੀ ਦਿੱਲੀ ’ਚ ਵੀ ਪਹਿਲਾਂ ਸਾਰਾ ਦਿਨ ਕਾਲੇ ਬੱਦਲ ਛਾਏ ਰਹੇ ਦੇਰ ਸ਼ਾਮ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ।
ਰਾਮਬਨ ’ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਫਿਰ ਬੰਦ, 200 ਵਾਹਨ ਫਸੇ
ਜੰਮੂ : ਬਾਰਿਸ਼ ਮਗਰੋਂ ਜੰਮੂ-ਕਸ਼ਮੀਰ ਦੇ ਰਾਬਮਨ ਜ਼ਿਲ੍ਹੇ ਕਈ ਥਾਈੰ ਲੈਂਡ ਸਲਾਈਡਿੰਗ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ 270 ਕਿਲੋਮੀਟਰ ਲੰਬੇ ਹਾਈਵੇਅ ’ਤੇ ਵੱਖ-ਵੱਖ ਥਾਵਾਂ ’ਤੇ 200 ਤੋਂ ਵੱਧ ਵਾਹਨ ਫਸੇ ਹੋਏ ਹਨ, ਜੋ ਕਿ ਇਸ ਖੇਤਰ ਦੀ ਇੱਕੋ-ਇੱਕ ਆਲ ਵੈਦਰ ਰੋਡ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਇਹ ਖੋਲ੍ਹ ਦਿੱਤਾ ਗਿਆ।
ਹਿਮਾਚਲ ਦੇ ਚੰਬਾ |ਚ ਨਿਰਮਾਣ ਅਧੀਨ ਪੁਲ ਢਹਿ ਗਿਆ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਹੋਲੀ-ਖਰਾਮੁਖਾ ਸੜਕ ’ਤੇ ਸਿਨਯੂਰ ’ਚ ਇੱਕ ਨਿਰਮਾਣ ਅਧੀਨ ਪੁਲ ਮੰਗਲਵਾਰ ਸਵੇਰੇ ਬਾਰਿਸ਼ ਕਾਰਨ ਹੋਈ ਲੈਂਡ ਸਲਾਈਡਿੰਗ ਕਾਰਨ ਢਹਿ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਥਾਨਕ ਵਿਧਾਇਕ ਜਨਕ ਰਾਜ ਮੁਤਾਬਕ ਇਹ ਅਕਸਰ ਮੀਂਹ ਦੌਰਾਨ ਲੈਂਡ ਸਲਾਈਡਿੰਗ ਕਾਰਨ ਬੰਦ ਹੋ ਜਾਣ ਵਾਲੇ ਇਸ ਰਸਤੇ ’ਤੇ ਇਹ ਪੁਲ ਹੋਲੀ ਲਈ ਆਵਜਾਈ ਸੁਖਾਲੀ ਬਣਾਉਣ ਵਾਲਾ ਸੀ।
---------------
ਤਾਪਮਾਨ ’ਚ ਭਾਰੀ ਗਿਰਾਵਟ
ਮੀਂਹ ਨੇ ਤਾਪਮਾਨ ਨੂੰ ਵੀ ਪ੍ਰਭਾਵਿਤ ਕੀਤਾ, ਦਿਨ ਦੇ ਤਾਪਮਾਨ ’ਚ ਅੱਠ ਤੋਂ ਦਸ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 10 ਡਿਗਰੀ ਘੱਟ ਹੈ। ਇਸੇ ਤਰ੍ਹਾਂ ਲੁਧਿਆਣਾ ’ਚ 24.2, ਪਟਿਆਲਾ ’ਚ 26.1, ਪਠਾਨਕੋਟ ’ਚ 23.5, ਹੁਸ਼ਿਆਰਪੁਰ ’ਚ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ’ਚ ਕਿਉਂ ਹੋਈ ਗੜਬੜੀ
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ ਅਰਬ ਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਤੋਂ ਨਮੀ ਨਾਲ ਭਰੀਆਂ ਹਵਾਵਾਂ ਪੱਛਮੀ ਗੜਬੜ ਨੂੰ ਤੇਜ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਮੱਧ ਪਾਕਿਸਤਾਨ ’ਤੇ ਘੱਟ ਦਬਾਅ ਵਾਲਾ ਖੇਤਰ ਵੀ ਮੌਸਮ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਪੰਜਾਬ ’ਚ ਬਾਰਿਸ਼ ਤੇ ਤੇਜ਼ ਹਵਾਵਾਂ ਦੇ ਵਾਰ-ਵਾਰ ਦੌਰ ਚੱਲ ਰਹੇ ਹਨ। ਇਸੇ ਕਰਕੇ ਪਿਛਲੇ ਡੇਢ ਮਹੀਨੇ ਤੋਂ ਸੂਬੇ ਦਾ ਮੌਸਮ ਅਸਥਿਰ ਰਿਹਾ ਹੈ।
----
ਕਿੱਥੇ ਕਿੰਨੀ ਬਾਰਿਸ਼
ਫਾਜ਼ਿਲਕਾ 20.5
ਪਠਾਨਕੋਟ 5.5
ਅੰਮ੍ਰਿਤਸਰ 3.8
ਫ਼ਰੀਦਕੋਟ 3.3
ਲੁਧਿਆਣਾ 2.8
ਪਟਿਆਲਾ 2.6
ਫਿਰੋਜ਼ਪੁਰ 0.5