- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
District Court Ludhiana 'ਚ 14 ਸਾਲਾਂ ਤੋਂ ਵੱਧ ਸਮੇਂ ਤਕ ਵਕਾਲਤ ਕਰਨ ਵਾਲੇ ਸੱਚਦੇਵਾ ਦੀ ਇਹ ਸਫ਼ਲਤਾ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਅਨੁਸ਼ਾਸਿਤ ਤਿਆਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਿਸੇ ਇੱਕ ਰਾਤ ਦੀ ਨਹੀਂ, ਸਗੋਂ ਨਿਰੰਤਰ ਸੰਘਰਸ਼, ਸਬਰ ਅਤੇ ਅਟੁੱਟ ਸਮਰਪਣ ਦਾ ਸਿੱਟਾ ਹੈ।

ਰਜਨੀਸ਼ ਲਖਨਪਾਲ, ਲੁਧਿਆਣਾ : ਮਹਾਨਗਰ ਦੇ ਵਕੀਲ ਪ੍ਰਭਜੋਤ ਸਿੰਘ ਸੱਚਦੇਵਾ (38 ਸਾਲ) ਨੇ ਪੰਜਾਬ ਉੱਚ ਨਿਆਂਇਕ ਸੇਵਾ (Punjab Higher Judicial Service) ਅਤੇ ਹਰਿਆਣਾ ਉੱਚ ਨਿਆਂਇਕ ਸੇਵਾ (Haryana Higher Judicial Service) ਪ੍ਰੀਖਿਆ—ਦੋਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਚੁਣੇ ਜਾਣ ਦੀ ਇੱਕ ਦੁਰਲੱਭ ਪ੍ਰਾਪਤੀ ਹਾਸਲ ਕੀਤੀ ਹੈ।
ਸੱਚਦੇਵਾ ਨੇ ਆਪਣੀ ਸਕੂਲੀ ਸਿੱਖਿਆ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਸਸੀਡੀ ਸਰਕਾਰੀ ਕਾਲਜ (ਲੜਕੇ), ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਪੂਰੀ ਪੜ੍ਹਾਈ ਦੌਰਾਨ ਕਾਲਜ ਟਾਪਰ ਰਹੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਤੋਂ ਐਲਐਲਬੀ ਤੇ ਬਾਅਦ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲਐਲਐਮ ਦੀ ਡਿਗਰੀ ਹਾਸਲ ਕੀਤੀ।
ਜ਼ਿਲ੍ਹਾ ਅਦਾਲਤ ਲੁਧਿਆਣਾ 'ਚ 14 ਸਾਲਾਂ ਤੋਂ ਵੱਧ ਸਮੇਂ ਤਕ ਵਕਾਲਤ ਕਰਨ ਵਾਲੇ ਸੱਚਦੇਵਾ ਦੀ ਇਹ ਸਫ਼ਲਤਾ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਅਨੁਸ਼ਾਸਿਤ ਤਿਆਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਿਸੇ ਇੱਕ ਰਾਤ ਦੀ ਨਹੀਂ, ਸਗੋਂ ਨਿਰੰਤਰ ਸੰਘਰਸ਼, ਸਬਰ ਅਤੇ ਅਟੁੱਟ ਸਮਰਪਣ ਦਾ ਸਿੱਟਾ ਹੈ।
ਸ਼ੁਕਰਾਨਾ ਪ੍ਰਗਟ ਕਰਦਿਆਂ ਸੱਚਦੇਵਾ ਨੇ ਆਪਣੀ ਸਫਲਤਾ ਦਾ ਸਿਹਰਾ ਪਰਮਾਤਮਾ ਦੀ ਬਖਸ਼ਿਸ਼, ਆਪਣੇ ਅਧਿਆਪਕਾਂ ਤੇ ਮਾਰਗਦਰਸ਼ਕਾਂ ਦੀ ਰਹਿਨੁਮਾਈ ਤੇ ਪਰਿਵਾਰ ਦੇ ਨਿਰੰਤਰ ਸਹਿਯੋਗ ਨੂੰ ਦਿੱਤਾ। ਉਨ੍ਹਾਂ ਨੇ ਇਹ ਪ੍ਰਾਪਤੀ ਆਪਣੇ ਮਾਰਗਦਰਸ਼ਕ ਮਰਹੂਮ ਵਕੀਲ ਮਦਨ ਲਾਲ ਸ਼ਰਮਾ ਨੂੰ ਸਮਰਪਿਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਨਿਆਂਇਕ ਸੇਵਾਵਾਂ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਉੱਚ ਨਿਆਂਪਾਲਿਕਾ 'ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਸਾਰਿਆਂ ਨੂੰ ਨਿਆਂ ਯਕੀਨੀ ਬਣਾਉਣ ਦੀ ਗੰਭੀਰ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਨੇ ਸੰਸਥਾ ਦੀ ਸੇਵਾ ਇਮਾਨਦਾਰੀ, ਨਿਸ਼ਠਾ ਅਤੇ ਕਰਤੱਵਪਾਲਣਾ ਨਾਲ ਕਰਨ ਦਾ ਅਹਿਦ ਲਿਆ।
ਸੱਚਦੇਵਾ ਨੇ ਆਪਣੇ ਮਾਤਾ-ਪਿਤਾ ਇੰਦਰਜੀਤ ਸਿੰਘ ਸੱਚਦੇਵਾ ਅਤੇ ਮਨਿੰਦਰ ਕੌਰ ਸੱਚਦੇਵਾ, ਭਰਾ ਗੁਰਜੋਤ ਸਿੰਘ ਸੱਚਦੇਵਾ ਅਤੇ ਪਤਨੀ ਡਾ. ਤਵਨਪ੍ਰੀਤ ਕੌਰ (ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਹਨ) ਦਾ ਲਗਾਤਾਰ ਉਤਸ਼ਾਹ ਵਧਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਦਾ ਇਹ ਸਫ਼ਰ ਨੌਜਵਾਨ ਉਮੀਦਵਾਰਾਂ ਨੂੰ ਸਬਰ ਅਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਲੁਧਿਆਣਾ ਦੇ ਪ੍ਰਧਾਨ ਵਿਪਿਨ ਸੱਗਰ, ਸਕੱਤਰ ਹਿਮਾਂਸ਼ੂ ਵਾਲੀਆ ਅਤੇ ਸੰਯੁਕਤ ਸਕੱਤਰ ਰਾਚਿਨ ਸੋਨੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਬਾਰ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਦੱਸਿਆ।