ਗੈਸ ਪਾਈਪ ਫਟਣ ਨਾਲ ਰਸੋਈ 'ਚ ਹੋਇਆ ਜ਼ੋਰਦਾਰ ਧਮਾਕਾ, 70 ਫੀਸਦੀ ਝੁਲਸੇ ਵਿਅਕਤੀ ਨੂੰ PGI ਚੰਡੀਗੜ੍ਹ ਕੀਤਾ ਗਿਆ ਰੈਫਰ
ਜਿਵੇਂ ਹੀ ਉਸ ਨੇ ਗੈਸ ਬਾਲਣ ਲਈ ਲਾਈਟਰ ਦਾ ਬਟਨ ਨੱਪਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਰਸੋਈ ਵਿੱਚ ਅੱਗ ਭੜਕ ਉੱਠੀ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਦੀ ਪਾਈਪ ਫੱਟ ਜਾਣ ਕਾਰਨ ਕਮਰੇ ਵਿੱਚ ਪਹਿਲਾਂ ਹੀ ਗੈਸ ਫੈਲ ਚੁੱਕੀ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਅੱਗ ਇਨੀਂ ਭਿਆਨਕ ਸੀ ਕਿ ਗੋਪਾਲ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਅਤੇ ਉਹ ਅੱਗ ਦੀ ਲਪੇਟ ਵਿੱਚ ਆ ਗਿਆ।
Publish Date: Wed, 04 Mar 2026 09:13 AM (IST)
Updated Date: Wed, 04 Mar 2026 09:14 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਸਨਅਤੀ ਸ਼ਹਿਰ ਲੁਧਿਆਣਾ ਦੇ ਲੁਹਾਰਾ ਇਲਾਕੇ ਦੇ ਗਿਆਨ ਚੰਦ ਨਗਰ ਵਿੱਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰ ਗਈ। ਇਲਾਕੇ ਦੇ ਇੱਕ ਘਰ ਦੀ ਰਸੋਈ ਵਿੱਚ ਅਚਾਨਕ ਅੱਗ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਤੌਰ ’ਤੇ ਝੁਲਸ ਗਿਆ। ਜ਼ਖਮੀ ਦੀ ਪਛਾਣ ਗੋਪਾਲ ਮਾਹਤੋ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਗੋਪਾਲ ਮਾਹਤੋ ਆਪਣੇ ਘਰ ਦੇ ਨੇੜੇ ਇਕ ਨੱਟ-ਬੋਲਟ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਹੈ। ਬੀਤੀ ਰਾਤ ਡਿਊਟੀ ਤੋਂ ਵਾਪਸ ਆ ਕੇ ਉਹ ਰਸੋਈ ਵਿੱਚ ਖਾਣਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਜਿਵੇਂ ਹੀ ਉਸ ਨੇ ਗੈਸ ਬਾਲਣ ਲਈ ਲਾਈਟਰ ਦਾ ਬਟਨ ਨੱਪਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਰਸੋਈ ਵਿੱਚ ਅੱਗ ਭੜਕ ਉੱਠੀ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਦੀ ਪਾਈਪ ਫੱਟ ਜਾਣ ਕਾਰਨ ਕਮਰੇ ਵਿੱਚ ਪਹਿਲਾਂ ਹੀ ਗੈਸ ਫੈਲ ਚੁੱਕੀ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਅੱਗ ਇਨੀਂ ਭਿਆਨਕ ਸੀ ਕਿ ਗੋਪਾਲ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਅਤੇ ਉਹ ਅੱਗ ਦੀ ਲਪੇਟ ਵਿੱਚ ਆ ਗਿਆ।
ਧਮਾਕੇ ਦੀ ਆਵਾਜ਼ ਅਤੇ ਚੀਕਾਂ ਸੁਣ ਕੇ ਗੁਆਂਢੀ ਇਕੱਠੇ ਹੋਏ ਅਤੇ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਗੋਪਾਲ ਨੂੰ ਬਾਹਰ ਕੱਢਿਆ। ਹਾਦਸੇ ਸਮੇਂ ਗੋਪਾਲ ਘਰ ਵਿੱਚ ਇਕੱਲਾ ਸੀ ਕਿਉਂਕਿ ਉਸ ਦਾ ਪਰਿਵਾਰ ਪਿੰਡ ਵਿੱਚ ਰਹਿੰਦਾ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਡਾਕਟਰਾਂ ਅਨੁਸਾਰ ਗੋਪਾਲ ਦੇ ਸਰੀਰ ਦਾ ਲਗਭਗ 60-70 ਫੀਸਦੀ ਹਿੱਸਾ ਝੁਲਸ ਗਿਆ ਹੈ। ਗੰਭੀਰ ਹਾਲਤ ਦੇ ਚਲਦੇ ਉਸ ਨੂੰ ਅੱਗੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।