- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਕ੍ਰਾਈਮ ਲੁਧਿਆਣਾ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਪਲਵਿੰਦਰ ਸਿੰਘ ਨੇ ਹਰਨੀਤ ਨਾਮ ਦੀ ਫੇਸਬੁੱਕ ਆਈ ਡੀ ਉੱਪਰ 18 ਮਈ 2020 ਨੂੰ ਫੇਸਬੁੱਕ ਆਈਡੀ ਦਾ ਗ਼ਲਤ ਇਸਤੇਮਾਲ ਕਰਕੇ ਇੱਕ ਬੱਚੀ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਸੀ...

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੋਸ਼ਲ ਮੀਡੀਆ ਉੱਪਰ ਬੱਚਿਆਂ ਦੀ ਪੌਰਨੋਗ੍ਰਾਫੀ ਅਪਲੋਡ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਅਜਿਹਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਹੋ ਗਈ ਹੈ। ਡਿਪਟੀ ਇੰਸਪੈਕਟਰ ਪੁਲਿਸ ਸਟੇਟ ਸਾਈਬਰ ਕ੍ਰਾਈਮ ਮੋਹਾਲੀ ਅਤੇ ਸਾਈਬਰ ਕ੍ਰਾਈਮ ਲੁਧਿਆਣਾ ਦੀਆਂ ਟੀਮਾਂ ਨੇ ਪੜਤਾਲ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਚਾਰ ਥਾਣਿਆਂ ਵਿੱਚ ਚਾਰ ਵਿਅਕਤੀਆਂ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾਏ ਹਨ। ਪਹਿਲਾਂ ਮਾਮਲਾ ਥਾਣਾ ਕੂਮਕਲਾਂ ਦੇ ਇਲਾਕੇ ਦੇ ਪਿੰਡ ਹੀਰਾਂ ਦਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਸਾਈਬਰ ਕ੍ਰਾਈਮ ਯੂਨਿਟ ਫਰੀਦਕੋਟ ਤੋਂ ਮਸੂਲ ਕਰਵਾਏ ਜਾਣ ਤੋਂ ਬਾਅਦ ਪਿੰਡ ਹੀਰਾਂ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਦੇ ਖ਼ਿਲਾਫ਼ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਸਾਈਬਰ ਕ੍ਰਾਈਮ ਲੁਧਿਆਣਾ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਪਲਵਿੰਦਰ ਸਿੰਘ ਨੇ ਹਰਨੀਤ ਨਾਮ ਦੀ ਫੇਸਬੁੱਕ ਆਈ ਡੀ ਉੱਪਰ 18 ਮਈ 2020 ਨੂੰ ਫੇਸਬੁੱਕ ਆਈਡੀ ਦਾ ਗ਼ਲਤ ਇਸਤੇਮਾਲ ਕਰਕੇ ਇੱਕ ਬੱਚੀ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਸੀ। ਪੁਲਿਸ ਨੇ ਰਿਕਾਰਡ ਹਾਸਲ ਕਰਕੇ ਮੁਲਜ਼ਮ ਦੇ ਖ਼ਿਲਾਫ਼ ਐਫ਼ ਆਈ ਆਰ ਦਰਜ ਕੀਤੀ। ਇਸੇ ਤਰ੍ਹਾਂ ਇੰਸਟਾਗ੍ਰਾਮ ਆਈਡੀ ਦੀ ਦੁਰਵਰਤੋਂ ਕਰਦਿਆਂ ਇਕ ਵਿਅਕਤੀ ਨੇ 20 ਜੂਨ 2022 ਨੂੰ ਬੱਚਿਆਂ ਦੀ ਅਸ਼ਲੀਲ ਸਮੱਗਰੀ ਇੰਸਟਾਗ੍ਰਾਮ ਤੇ ਵਾਈਰਲ ਕਰ ਦਿੱਤੀ। ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੇ ਏਐਸਆਈ ਗੁਰਦੀਪ ਸਿੰਘ ਨੇ ਪੜਤਾਲ ਕੀਤੀ ਅਤੇ ਕਿਲਾ ਮੁਹੱਲਾ ਲੁਧਿਆਣਾ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਦੇ ਖਿਲਾਫ ਕੇਸ ਦਰਜ ਕਰਵਾਇਆ। ਇਕ ਹੋਰ ਮਾਮਲੇ ਵਿੱਚ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸਟੇਟ ਸਾਈਬਰ ਸੈੱਲ ਮੋਹਾਲੀ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਅਜਾਇਬ ਸਿੰਘ ਦੇ ਖਿਲਾਫ ਐਫ਼ ਆਈ ਆਰ ਦਰਜ ਕਰਵਾਈ ਗਈ ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ 20 ਜੁਲਾਈ 2022 ਨੂੰ ਬੱਚਿਆਂ ਦੀ ਪੌਰਨੋਗ੍ਰਾਫੀ ਫੇਸਬੁੱਕ ਉੱਪਰ ਅਪਲੋਡ ਕੀਤੀ ਸੀ। ਇਸੇ ਤਰ੍ਹਾਂ ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਨੇ ਪੜਤਾਲ ਤੋਂ ਬਾਅਦ ਮੁਹਲਾ ਹਰਗੋਬਿੰਦ ਦੀ ਗੁਰੂ ਅਮਰਦਾਸ ਕਲੋਨੀ ਦੇ ਵਾਸੀ ਦੇਵਰਾਜ ਯਾਦਵ ਦੇ ਖਿਲਾਫ ਕੇਸ ਦਰਜ ਕੀਤਾ। ਮੁਲਜ਼ਮ ਤੇ ਦੋਸ਼ ਹਨ ਕਿ ਉਸਨੇ ਫੇਸਬੁੱਕ ਦੀ ਦੁਰਵਰਤੋਂ ਕਰਦਿਆਂ ਬੱਚਿਆਂ ਦੀ ਅਸ਼ਲੀਲ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੀ ਸੀ। ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਥਾਣਾ ਕੂਮਕਲਾਂ, ਥਾਣਾ ਸ਼ਿਮਲਾਪੁਰੀ, ਥਾਣਾ ਡਿਵੀਜ਼ਨ ਨੰਬਰ ਛੇ ਅਤੇ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਕੱਦਮੇ ਦਰਜ ਕਰ ਲਏ ਹਨ। ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਲਜ਼ਮਾਂ ਅਭਿਸ਼ੇਕ ਸ਼ਰਮਾ ,ਦੇਵਰਾਜ ਯਾਦਵ ਅਤੇ ਅਜਾਇਬ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਕੂਮਕਲਾਂ ਦੀ੍ਰਪੁਲਿਸ ਮੁਲਜਮ ਪਲਵਿੰਦਰ ਸਿੰਘ ਤਲਾਸ਼ ਕਰਨ ਵਿੱਚ ਜੁੱਟ ਗਈ ਹੈ ਅਤੇ ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਦੇ ਦੌਰਾਨ ਕਈ ਖੁਲਾਸੇ ਹੋਣਗੇ।