ਕੰਮ ਨੂੰ ਲੈ ਕੇ ਝਗੜੇ ਪਲੰਬਰ ਨੂੰ ਦੋਸਤਾਂ ਵੱਲੋਂ ਪਿਆਈ ਦਵਾਈ ਕਾਰਨ ਹੋਈ ਮੌਤ, ਪਰਚਾ ਦਰਜ
ਉਸ ਦੇ ਦੋਸਤ ਹੈਪੀ ਪੁੱਤਰ ਸੱਤਾ, ਗੀਟਾ ਅਤੇ ਉਸ ਦੀ ਪਤਨੀ ਉਸਨੂੰ ਧਮਕੀਆਂ ਦਿੰਦੇ ਸਨ ਕਿ ਸੁਧਾਰ ਉਸ ਦਾ ਕੰਮ ਨਹੀਂ ਚੱਲਣ ਦੇਣਾ। 3-4 ਦਿਨਾਂ ਤੋਂ ਉਕਤ ਸਾਰਿਆਂ ਦੀ ਧਮਕੀਆਂ ਦੇਣ ਕਾਰਨ ਉਹ ਕਾਫੀ ਪਰੇਸ਼ਾਨ ਸੀ।
Publish Date: Thu, 12 Mar 2026 09:11 AM (IST)
Updated Date: Thu, 12 Mar 2026 09:14 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਨੇੜਲੇ ਪਿੰਡ ਗਗੜਾ ਵਿਖੇ ਸੈਨਟਰੀ ਦੇ ਕੰਮ ਨੂੰ ਲੈ ਕੇ ਝਗੜੇ ਦੋਸਤਾਂ ਨੇ ਹੀ ਪਲੰਬਰ ਨੂੰ ਪਿਲਾਈ ਦਵਾਈ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਜਗਰਾਓਂ ਪੁਲਿਸ ਨੇ ਦੋ ਦੋਸਤਾਂ ਅਤੇ ਉਨ੍ਹਾਂ ’ਚੋਂ ਇੱਕ ਦੀ ਪਤਨੀ ’ਤੇ ਵੀ ਮੁਕੱਦਮਾ ਦਰਜ ਕਰ ਲਿਆ। ਮ੍ਰਿਤਕ ਪਲੰਬਰ ਜਿੱਥੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਉਥੇ ਦੋ ਨਿੱਕੀ ਬੱਚੀਆਂ ਦਾ ਬਾਪ ਸੀ।
ਜਗਰਾਓਂ ਪੁਲਿਸ ਨੂੰ ਮਰਨ ਤੋਂ ਪਹਿਲਾਂ ਜਗਰਾਓਂ ਦੇ ਕਲਿਆਣੀ ਹਸਪਤਾਲ ’ਚ ਜੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗਗੜਾ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ, ਉਸ ਦਾ ਕੰਮ ਸੁਧਾਰ ਚੱਲਦਾ ਸੀ। ਉਸ ਦੇ ਦੋਸਤ ਹੈਪੀ ਪੁੱਤਰ ਸੱਤਾ, ਗੀਟਾ ਅਤੇ ਉਸ ਦੀ ਪਤਨੀ ਉਸਨੂੰ ਧਮਕੀਆਂ ਦਿੰਦੇ ਸਨ ਕਿ ਸੁਧਾਰ ਉਸ ਦਾ ਕੰਮ ਨਹੀਂ ਚੱਲਣ ਦੇਣਾ। 3-4 ਦਿਨਾਂ ਤੋਂ ਉਕਤ ਸਾਰਿਆਂ ਦੀ ਧਮਕੀਆਂ ਦੇਣ ਕਾਰਨ ਉਹ ਕਾਫੀ ਪਰੇਸ਼ਾਨ ਸੀ।
ਬੀਤੀ ਕੱਲ੍ਹ ਇਨ੍ਹਾਂ ਨੇ ਉਸ ਨੂੰ ਪਿੰਡ ਦੀ ਸ਼ਮਸਾਨਘਾਟ ਵਾਲੇ ਰਾਹ ’ਤੇ ਬੁਲਾ ਲਿਆ, ਜਿੱਥੇ ਸਾਰਿਆਂ ਨੇ ਮਿਲ ਕੇ ਉਸ ਨੂੰ ਕੋਈ ਜਬਰਨ ਦਵਾਈ ਪਿਲਾ ਦਿੱਤੀ। ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਉਹ ਡਿੱਗਦਾ ਢਹਿੰਦਾ ਕਿਸੇ ਤਰੀਕੇ ਘਰ ਪੁੱਜਾ। ਜਿੱਥੇ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਪਰਿਵਾਰ ਨੇ ਜਗਰਾਓਂ ਦੇ ਕਲਿਆਣੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।
ਇਸ ਮਾਮਲੇ ਵਿਚ ਜਗਰਾਓਂ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਬਿਆਨਾਂ ਅਨੁਸਾਰ ਹੈਪੀ, ਗੀਟਾ ਅਤੇ ਗੀਟੇ ਦੀ ਪਤਨੀ ਹਰਪ੍ਰੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।